ਪੱਟੀ, 19 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)-ਪੱਟੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਗਲੀਆਂ ਤੋਂ ਇਲਾਕਾ ਨਿਵਾਸੀ ਪ੍ਰੇਸ਼ਾਨ ਹੋ ਰਹੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ | ਪੱਟੀ ਸ਼ਹਿਰ ਵਿਚ ਕੁਝ ਸੜਕਾਂ, ਗਲੀਆਂ ਟੁੱਟੀਆਂ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਨਾਲ ਜਿੱਥੇ ਉਨ੍ਹਾਂ ਦੇ ਵਹੀਕਲ ਨੂੰ ਨੁਕਸਾਨ ਪਹੁੰਚ ਰਿਹਾ ਹੈ, ਉੱਥੇ ਹੀ ਸਿਹਤ ਸੰਬੰਧੀ ਸਮੱਸਿਆਵਾਂ ਵੀ ਆ ਰਹੀਆਂ ਹਨ | ਸੜਕਾਂ ਵਿਚ ਵੱਡੇ-ਵੱਡੇ ਟੋਏ ਪਏ ਹੋਣ ਕਾਰਨ ਲੱਗਦੇ ਝਟਕਿਆਂ ਤੋਂ ਲੋਕਾਂ ਨੂੰ ਸਿਹਤ ਸਬੰਧੀ ਪ੍ਰੇਸ਼ਾਨੀਆਂ ਆਉਂਦੀਆਂ ਹਨ | ਖਾਸ ਤੌਰ 'ਤੇ ਬਰਸਾਤੀ ਦਿਨਾਂ ਵਿਚ ਸੜਕਾਂ 'ਤੇ ਜਦੋਂ ਪਾਣੀ ਭਰ ਜਾਂਦਾ ਹੈ ਤਾਂ ਕਈ ਹਾਦਸੇ ਵਾਪਰਦੇ ਹਨ | ਬਰਸਾਤ ਮੌਕੇ ਇਨ੍ਹਾਂ ਸੜਕਾਂ ਉਪਰ ਫਿਰਦਾ ਬਾਰਿਸ਼ ਦਾ ਪਾਣੀ ਸੜਕਾਂ ਨੂੰ ਛੱਪੜਾਂ ਦਾ ਰੂਪ ਦੇ ਦਿੰਦਾ ਹੈ ਕਿਉਂਕਿ ਇੱਥੋਂ ਦਾ ਸੀਵਰੇਜ਼ ਪਾਈਪ ਲਾਈਨ ਛੋਟਾ ਅਤੇ ਕਾਫੀ ਪੁਰਾਣਾ ਹੋ ਚੁੱਕਾ ਹੈ | ਪਰ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ | ਸ਼ਹਿਰ ਦੇ ਬਾਜ਼ਾਰਾਂ ਵਿਚ ਜਗ੍ਹਾ ਜਗ੍ਹਾ ਤੋਂ ਸੀਵਰੇਜ ਦੇ ਮੇਨ ਹੋਲ ਢੱਕਣ ਸੜਕ ਤੋਂ ਉੱਚੇ ਨੀਵੇਂ ਹੋਣ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ | ਇਸੇ ਤਰ੍ਹਾਂ ਪੱਟੀ ਸ਼ਹਿਰ ਦੇ ਖੇਮਕਰਨ ਚੂੰਗੀ ਤੋਂ ਸਰਹਾਲੀ ਰੋਡ ਵਿਚ ਸਾਰੇ ਪਾਸਿਓਾ ਸੜਕ ਦਾ ਬੁਰਾ ਹਾਲ ਹੈ ਜਗ੍ਹਾ-ਜਗ੍ਹਾ ਤੋਂ ਟੁੱਟ ਚੁੱਕੀ ਹੈ | ਇਸੇ ਸੜਕ ਉੱਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕੈਂਪਸ, ਪੰਜਾਬ ਰੋਡਵੇਜ਼ ਪੱਟੀ ਦੀ ਵਰਕਸ਼ਾਪ, ਸਰਕਾਰੀ ਆਈ.ਟੀ.ਆਈ. ਪੱਟੀ, ਦਾਣਾ ਮੰਡੀ, ਸਬਜ਼ੀ ਮੰਡੀ ਅਤੇ ਪੱਟੀ ਸ਼ਹਿਰ ਦੇ ਵੱਡੇ ਹਸਪਤਾਲ ਵੀ ਸਥਿਤ ਹਨ | ਇਸੇ ਤਰ੍ਹਾਂ ਗਾਰਡਨ ਕਲੋਨੀ ਪੱਟੀ ਕੋਲ ਤਰਨ ਤਾਰਨ- ਪੱਟੀ ਸੜਕ 'ਤੇ ਪਏ ਹੋਏ ਵੱਡੇ ਵੱਡੇ ਟੋਏ ਸਰਕਾਰਾਂ ਦੇ ਮੂੰਹ ਚਿੜਾ ਰਹੇ ਹਨ | ਪਰ ਵੱਡੀ ਗਿਣਤੀ ਵਿੱਚ ਲੰਘਣ ਵਾਲੇ ਲੋਕਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਕਰੀਬ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਪੱਟੀ ਸ਼ਹਿਰ ਵਿਚ ਵਿਕਾਸ ਦੇ ਨਾਮ 'ਤੇ ਕੋਈ ਕੰਮ ਨਹੀਂ ਹੋਇਆ | ਲੋਕਾਂ ਦੀਆਂ ਚਿਰੋਕਣੀਆਂ ਸਮੱਸਿਆਵਾਂ ਲਟਕਦੀਆਂ ਆ ਰਹੀਆਂ ਹਨ | ਇਲਾਕਾ ਵਾਸੀਆਂ ਦੀ ਪੱਟੀ ਹਲਕੇ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਅਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਨ੍ਹਾਂ ਸੜਕਾਂ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ ਤਾਂ ਜੋ ਇਲਾਕਾ ਨਿਵਾਸੀ ਆਵਾਜਾਈ ਵਿਚ ਹੁੰਦੀ ਪਰੇਸ਼ਾਨੀ ਤੋਂ ਨਿਜਾਤ ਲੈ ਸਕਣ | ਇਸ ਸੰਬੰਧੀ ਜਦੋਂ ਨਗਰ ਕੌਂਸਲ ਪੱਟੀ ਦੇ ਕਾਰਜ ਸਾਧਕ ਅਫਸਰ ਧਰਮਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚਲੇ ਵਿਕਾਸ ਕਾਰਜਾਂ ਲਈ ਐਸਟੀਮੈਂਟ ਬਣਾ ਕੇ ਭੇਜਿਆ ਜਾ ਚੁੱਕਾ ਹੈ, ਪਰ ਸਰਕਾਰ ਵਲੋਂ ਗ੍ਰਾਂਟ ਅਜੇ ਨਾ ਆਉਣ ਕਾਰਨ ਇਹ ਕੰਮ ਸ਼ੁਰੂ ਨਹੀਂ ਕੀਤੇ ਜਾ ਸਕੇ | ਸਰਕਾਰ ਵਲੋਂ ਗ੍ਰਾਂਟ ਜਾਰੀ ਕਰਦਿਆਂ ਹੀ ਸ਼ਹਿਰ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ 'ਤੇ ਸ਼ੁਰੂ ਕੀਤੇ ਜਾਣਗੇ | ਇਸ ਸਬੰਧੀ ਜਦੋਂ ਐੱਸ.ਡੀ.ਓ.ਪੀ. ਡਬਲਯੂ.ਡੀ. ਬੀ.ਐਂਡ.ਆਰ ਨਿਰਮਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਵਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਪ੍ਰਪੋਜਲ ਸਰਕਾਰ ਨੂੰ ਬਣਾ ਕੇ ਭੇਜੀ ਜਾ ਚੁੱਕੀ ਹੈ | ਜਲਦ ਹੀ ਇਸਦੇ ਟੈਂਡਰ ਪਾਸ ਹੋ ਕੇ ਪੇਮੈਂਟ ਆ ਜਾਵੇਗੀ 'ਤੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ |