ਤਰਨ ਤਾਰਨ, 19 ਫਰਵਰੀ (ਹਰਿੰਦਰ ਸਿੰਘ)-ਜਦੋਂ ਤੋਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਹੀ ਪੰਜਾਬ ਵਿਚ ਝੂਠੇ ਪਰਚੇ, ਭਿ੍ਸ਼ਟਾਚਾਰ, ਆਮ ਲੋਕਾਂ ਦੀ ਖੱਜਲ ਖ਼ੁਆਰੀ, ਸਨੈਚਿੰਗ ਅਤੇ ਕਤਲੋਗਾਰਦ ਭਾਵ ਕਿ ਅਪਰਾਧਿਕ ਗਤੀਵਿਧੀਆਂ ਸਿਖਰਾਂ 'ਤੇ ਪਹੁੰਚ ਗਈਆਂ ਹਨ | ਇਹ ਵਿਚਾਰ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤਰਨ ਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਲੱਗਦਾ ਹੈ ਕਿ ਇਥੇ ਕਿਸੇ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਨਹੀਂ, ਬਲਕਿ ਗੁੰਡਾਗਰਦੀ ਦਾ ਰਾਜ ਚੱਲਦਾ ਹੈ | ਕੁਝ ਸਮਾਂ ਪਹਿਲਾਂ ਤਰਨ ਤਾਰਨ ਜ਼ਿਲ੍ਹੇ ਦੇ ਇਕ ਪਿੰਡ ਦੇ ਸਰਪੰਚ ਨੂੰ ਵਿਆਹ ਸਮਾਗਮ ਦੌਰਾਨ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ | ਹੁਣ ਫਿਰ ਦੁਬਾਰਾ ਬੇਖੌਫ ਅਪਰਾਧੀਆਂ ਵਲੋਂ ਇਕ ਚੱਲਦੇ ਵਿਆਹ ਸਮਾਗਮ ਦੌਰਾਨ ਪੈਲੇਸ ਵਿਚ ਦਾਖ਼ਲ ਹੋ ਕੇ ਇਕ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ | ਇਨ੍ਹਾਂ ਨਾਜ਼ੁਕ ਘਟਨਾਵਾਂ ਨੇ ਲੋਕਾਂ ਵਿਚ ਜਿੱਥੇ ਹਫੜਾ ਦਫੜੀ ਮਚਾ ਦਿੱਤੀ ਹੈ, ਉਥੇ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਇਨ੍ਹਾਂ ਘਟਨਾਵਾਂ ਤੋਂ ਬਿਨਾਂ ਹੋਰ ਵੀ ਨਿੱਤ ਦਿਨ ਹੋ ਰਹੀਆਂ ਵਾਰਦਾਤਾਂ ਨੇ ਲੋਕਾਂ ਨੂੰ ਦਹਿਸ਼ਤ ਦੇ ਸਾਏ ਹੇਠ ਜਿਊਣ ਲਈ ਮਜ਼ਬੂਰ ਕਰ ਦਿੱਤਾ ਹੈ | ਉਨ੍ਹਾਂ ਸਰਕਾਰ ਵਲੋਂ ਚਲਾਏ ਜਾ ਰਹੇ 'ਯੁੱਧ ਨਸ਼ਿਆਂ ਵਿਰੁੱਧ' 'ਤੇ ਤੰਜ ਕੱਸਦਿਆਂ ਕਿਹਾ ਕਿ ਇਹ ਸਰਕਾਰ ਅਤੇ ਪ੍ਰਸ਼ਾਸਨ ਦੀ ਆਪਣੀ ਹੀ ਕੋਈ ਕੈਲਕੂਲੇਸ਼ਨ ਹੋ ਸਕਦੀ ਹੈ, ਜਦੋਂ ਕਿ ਜ਼ਮੀਨੀ ਪੱਧਰ 'ਤੇ ਜੋ ਹਾਲਾਤ ਹਨ, ਉਹ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਚੱਲ ਰਹੀ ਉਪਰੋਕਤ ਮੁਹਿੰਮ 'ਤੇ ਸਵਾਲ ਖੜ੍ਹੇ ਕਰ ਰਹੇ ਹਨ | ਉਨ੍ਹਾਂ ਗੱਲਬਾਤ ਜਾਰੀ ਰੱਖਦਿਆਂ ਕਿਹਾ ਕਿ ਜੇਕਰ ਭਿ੍ਸ਼ਟਾਚਾਰ ਦੀ ਗੱਲ ਕਰੀਏ ਤਾਂ ਸਰਕਾਰੀ ਦਫ਼ਤਰਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਆਮ ਆਦਮੀ ਦੀ ਸਰਕਾਰੇ ਦਰਬਾਰੇ ਖੱਜਲ ਖ਼ੁਆਰੀ ਹੋ ਰਹੀ ਹੈ | ਰਿਸ਼ਵਤਖੋਰੀ ਬੇਖੌਫ ਚੱਲ ਰਹੀ ਹੈ | ਇਸ ਤੋਂ ਬਿਨਾਂ ਕੰਮ ਸੰਬੰਧੀ ਫਾਈਲਾਂ ਦਫ਼ਤਰਾਂ ਵਿਚ ਢੇਰ ਬਣੀਆਂ ਹੋਈਆਂ ਹਨ | ਜੋ ਅੱਗੇ ਨਹੀਂ ਤੁਰ ਰਹੀਆਂ | ਇਸ ਲਈ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਤੋਂ ਪੂਰੀ ਤਰ੍ਹਾਂ ਅਸਫਲ ਰਹੀ ਹੈ | ਲੋਕ ਬਦਲਾਅ ਦੀ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਉਤਾਵਲੇ ਹਨ |