ਤਰਨ ਤਾਰਨ, 18 ਫਰਵਰੀ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਦਾ ਤਾਜਾ ਮਿਸਾਲ ਮਾਤਾ ਕੌਂਲਾ ਦੇਵੀ ਮੰਦਰ ਨੂੰ ਜਾਣ ਵਾਲੀ ਥਾਣਾ ਸਦਰ ਵਾਲੀ ਸੜਕ ਤੋਂ ਮਿਲਦੀ ਹੈ, ਜਿਥੇ ਅਕਸਰ ਵਾਹਨਾਂ ਦਾ ਭਾਰੀ ਜਾਮ ਰਹਿੰਦਾ ਹੈ, ਜਿਸ ਕਾਰਨ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰ ਪ੍ਰੇਸ਼ਾਨ ਹੁੰਦੇ ਹਨ ਕਿਉਂਕਿ ਟ੍ਰੈਫਿਕ ਜਾਮ ਵਿਚ ਲੋਕ ਕਾਫੀ ਚਿਰ ਫਸੇ ਰਹਿੰਦੇ ਹਨ ਪ੍ਰੰਤੂ ਟ੍ਰੈਫਿਕ ਪੁਲਿਸ ਇਸ ਤਰਫ ਕੋਈ ਧਿਆਨ ਨਹੀਂ ਦੇ ਰਹੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਵੇਕ ਬੌਬੀ ਗੁਪਤਾ, ਸੰਚਿਤ ਗੁਪਤਾ, ਦਿਨੇਸ਼ ਜੋਸ਼ੀ, ਪਵਨ ਸ਼ਰਮਾ, ਅਮਰੀਕ ਸਿੰਘ, ਦਵਿੰਦਰ ਗੁਪਤਾ, ਮਾਸਟਰ ਜਗਦੀਸ਼ ਕੁਮਾਰ, ਅਵਤਾਰ ਸਿੰਘ ਅਤੇ ਹੋਰਨਾਂ ਦੱਸਿਆ ਕਿ ਥਾਣਾ ਸਦਰ ਤੋਂ ਸ਼ੁਰੂ ਹੁੰਦੀ ਇਹ ਸੜਕ ਗੋਇੰਦਵਾਲ ਬਾਈਪਾਸ ਨੂੰ ਸ਼ਹਿਰ ਨਾਲ ਜੋੜਦੀ ਹੈ, ਜਿਸ ਕਾਰਨ ਅਕਸਰ ਇਸ ਸੜਕ ਉਪਰ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਉਥੇ ਇਸ ਸੜਕ 'ਤੇ ਕਾਲੋਨੀ ਵੀ ਬਣੀ ਹੋਈ ਹੈ, ਜਿਥੇ ਲੋਕ ਰਹਿੰਦੇ ਹਨ | ਇਸ ਤੋਂ ਇਲਾਵਾ ਇਹ ਸੜਕ ਮਾਤਾ ਕੌਂਲਾ ਦੇਵੀ ਮੰਦਰ, ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਹਸਪਤਾਲ, ਸ਼ਨੀ ਮੰਦਰ, ਪੀ.ਸੀ.ਐੱਸ. ਸਕੂਲ ਨੂੰ ਵੀ ਜਾਂਦੀ ਹੈ, ਜਿਸ ਕਾਰਨ ਇਸ ਸੜਕ ਉਪਰ ਜਿਆਦਾ ਆਵਾਜਾਈ ਰਹਿੰਦੀ ਹੈ ਅਤੇ ਟ੍ਰੈਫਿਕ ਜਾਮ ਹੋਣ ਕਾਰਨ ਕਈ ਵਾਰ ਤਾਂ ਐਮਰਜੈਂਸੀ ਦੀ ਹਾਲਤ ਵਿਚ ਐਬੂਲੈਂਸ ਵੀ ਜਾਮ ਵਿਚ ਫਸੀ ਰਹਿੰਦੀ ਹੈ, ਉਥੇ ਸਕੂਲ ਜਾਣ ਵਾਲੇ ਬੱਚੇ, ਮੰਦਰ ਜਾਣ ਵਾਲੇ ਸ਼ਰਧਾਲੂ ਅਤੇ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ | ਲੋਕਾਂ ਨੇ ਟ੍ਰੈਫਿਕ ਪੁਲਿਸ ਪਾਸੋਂ ਮੰਗ ਕੀਤੀ ਕਿ ਇਸ ਸੜਕ ਉਪਰ ਟ੍ਰੈਫਿਕ ਨੂੰ ਕੰਟੋਰਲ ਕਰਨ ਲਈ ਟ੍ਰੈਫਿਕ ਪੁਲਿਸ ਮੁਲਾਜਮਾਂ ਦੀ ਪੱਕੀ ਤਾਇਨਾਤੀ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ |