17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਪੱਟੀ ਵਿਚ ਅਵਿਵਸਥਾ ਦਾ ਰਾਜ, ਅਧਿਆਪਕਾਂ ਦੀ ਗੈਰਹਾਜ਼ਰੀ ਤੇ ਲਾਪਰਵਾਹੀ ਨਾਲ ਤਾਲੀਮੀ ਨੁਕਸਾਨ, ਵਿਦਿਆਰਥੀ ਬਿਨਾਂ ਪੜ੍ਹਾਈ ਜ਼ਮੀਨ 'ਤੇ ਬੈਠੇ <br/>

ਅਜੀਤ ਡੈਸਕ 19-02-2026
ਪੱਟੀ, 18 ਫਰਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਸ਼ਹਿਰ ਪੱਟੀ ਵਿਖੇ ਸਥਿਤ ਇਤਿਹਾਸਕ ਤੇ ਅੰਗਰੇਜ਼ ਸਰਕਾਰ ਦੇ ਦੌਰ ਦੇ ਪੁਰਾਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਪੱਟੀ ਵਿਚ ਅੱਜਕੱਲ੍ਹ ਭਾਰੀ ਅਵਵਸਥਾ ਤੇ ਨਿਗਰਾਨੀ ਦੀ ਘਾਟ ਦੇ ਦਿ੍ਸ਼ ਸਾਹਮਣੇ ਆ ਰਹੇ ਹਨ | ਸਕੂਲ ਵਿਚ ਵਿਦਿਆਰਥੀ ਤਾਂ ਰੋਜ਼ਾਨਾ ਹਾਜ਼ਰ ਹੋ ਰਹੇ ਹਨ, ਪਰ ਅਧਿਆਪਕਾਂ ਦੀ ਲਗਾਤਾਰ ਗੈਰਹਾਜ਼ਰੀ ਅਤੇ ਪੜ੍ਹਾਈ ਪ੍ਰਤੀ ਲਾਪਰਵਾਹੀ ਕਾਰਨ ਬੱਚਿਆਂ ਦੀ ਤਾਲੀਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਸਕੂਲ ਦੇ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਸਕੂਲ ਸਮੇਂ 'ਤੇ ਕਈ ਬੱਚੇ ਕਲਾਸਾਂ ਛੱਡ ਬਾਹਰ ਬਾਜ਼ਾਰ ਵਿਚ ਘੁੰਮਦੇ ਆਮ ਦਿਖਾਈ ਦਿੰਦੇ ਹਨ, ਜੋ ਸਿੱਖਿਆ ਪ੍ਰਣਾਲੀ ਲਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ | ਸਾਡੇ ਪ੍ਰਤੀਨਿਧੀ ਵਲੋਂ ਕੀਤੇ ਗਏ ਮੌਕੇ ਦੇ ਮੁਆਇਨੇ ਦੌਰਾਨ ਵੇਖਿਆ ਗਿਆ ਕਿ ਕਈ ਕਲਾਸਾਂ ਵਿਚ ਅਧਿਆਪਕ ਮੌਜੂਦ ਨਹੀਂ ਸਨ ਅਤੇ ਬੱਚਿਆਂ ਨੂੰ ਕਲਾਸ ਰੂਮਾਂ ਦੀ ਬਜਾਇ ਜ਼ਮੀਨ 'ਤੇ ਬਿਠਾ ਕੇ ਰੱਖਿਆ ਗਿਆ ਸੀ | ਕਈ ਵਿਦਿਆਰਥੀ ਬਿਨਾਂ ਅਧਿਆਪਕਾਂ ਦੇ ਕਲਾਸਾਂ ਤੋਂ ਬਾਹਰ ਬੈਠੇ ਮਿਲੇ, ਜਦਕਿ ਕੁਝ ਅਧਿਆਪਕ ਸਕੂਲ ਅੰਦਰ ਹੀ ਫੋਟੋ ਸੈਸ਼ਨ ਕਰਦੇ ਨਜ਼ਰ ਆਏ, ਜੋ ਤਾਲੀਮੀ ਜਿੰਮੇਵਾਰੀ ਤੋਂ ਗ਼ਾਫ਼ਲ ਹੋਣ ਦੀ ਤਸਵੀਰ ਪੇਸ਼ ਕਰਦਾ ਹੈ | ਜ਼ਿਕਰਯੋਗ ਹੈ ਕਿ ਰਾਜ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਕੂਲਾਂ ਦੀ ਅਚਾਨਕ ਚੈਕਿੰਗ ਅਤੇ ਸਖ਼ਤ ਨਿਗਰਾਨੀ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਪੱਟੀ ਦੇ ਇਸ ਨਾਮਵਰ ਸਕੂਲ ਵਿਚ ਬਣੀ ਅਵਵਸਥਾ ਸਰਕਾਰੀ ਦਾਅਵਿਆਂ ਦੀ ਹਕੀਕਤ ਬਿਆਨ ਕਰ ਰਹੀ ਹੈ | ਜਦ ਇਸ ਮਾਮਲੇ ਬਾਰੇ ਸਕੂਲ ਮੁਖੀ ਓਮਕਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਕੁਝ ਅਧਿਆਪਕ ਛੁੱਟੀ 'ਤੇ ਹਨ ਅਤੇ ਕੁਝ ਬਿਮਾਰ ਹੋਣ ਕਾਰਨ ਗੈਰਹਾਜ਼ਰ ਹਨ | ਹਾਲਾਂਕਿ ਬੱਚਿਆਂ ਦੇ ਬਿਨਾਂ ਅਧਿਆਪਕਾਂ ਦੇ ਜ਼ਮੀਨ 'ਤੇ ਬੈਠਣ ਅਤੇ ਪੜ੍ਹਾਈ ਪ੍ਰਭਾਵਿਤ ਹੋਣ ਸਬੰਧੀ ਕੋਈ ਠੋਸ ਵਜਾਹਤ ਪੇਸ਼ ਨਹੀਂ ਕੀਤਾ ਗਿਆ | ਇਸ ਸਥਿਤੀ ਕਾਰਨ ਮਾਪਿਆਂ ਅਤੇ ਸ਼ਹਿਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਭਵਿੱਖ ਨਾਲ ਹੋ ਰਿਹਾ ਇਹ ਖਿਲਵਾੜ ਤੁਰੰਤ ਰੋਕਿਆ ਜਾਵੇ ਅਤੇ ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਹੁਣ ਸਭ ਦੀ ਨਿਗਾਹ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਕੀ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਇਸ ਮਾਮਲੇ ਵਿਚ ਫੌਰੀ 'ਤੇ ਠੋਸ ਕਦਮ ਚੁੱਕਣਗੇ ਜਾਂ ਇਹ ਮਾਮਲਾ ਸਿਰਫ਼ ਤਫ਼ਤੀਸ਼ ਅਤੇ ਵਿਭਾਗੀ ਜਾਂਚ ਤੱਕ ਹੀ ਸੀਮਤ ਰਹੇਗਾ |
• ਕੀ ਕਹਿੰਦੇ ਹਨ ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾਠ -ਜਦ ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾਠ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਕੁਤਾਹੀ ਵਰਤਣ ਵਾਲੇ ਕਿਸੇ ਵੀ ਅਧਿਆਪਕ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੋ ਵੀ ਇਸ ਸੰਬੰਧੀ ਜਿੰਮੇਵਾਰ ਪਾਇਆ ਗਿਆ, ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਵਚਨਬੱਧ-ਰਾਜਦੀਪ ਸਿੰਘ ਬਰਾੜ ਅਗਲੀ ਖ਼ਬਰ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਕੇ ਕੀਤਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।