ਤਰਨ ਤਾਰਨ, 17 ਫਰਵਰੀ (ਇਕਬਾਲ ਸਿੰਘ ਸੋਢੀ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਅਗਵਾਈ 'ਚ ਕਿਸਾਨ ਗੈਰ ਰਾਜਨੀਤਕ ਮੋਰਚੇ ਵਲੋਂ ਦਿੱਤੀ ਗਈ 17 ਫਰਵਰੀ ਦੀ ਕਾਲ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟ ਬੁੱਢਾ ਅਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਅਤੇ ਹੋਰ ਪੁਰਾਤਨ ਜਥੇਬੰਦੀਆਂ ਵਲੋਂ ਡੀ. ਸੀ. ਦਫ਼ਤਰ ਤਰਨ ਤਾਰਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਅਤੇ ਟਰੰਪ ਅਤੇ ਮੋਦੀ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ | ਉੁਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਜਨਰਲ ਸਕੱਤਰ ਸੁੱਚਾ ਸਿੰਘ ਲੱਧੂ ਅਤੇ ਸੂਬਾ ਵਿੱਤ ਸਕੱਤਰ ਸਾਹਿਬ ਸਿੰਘ ਸਭਰਾ, ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਦੁਬਲੀ, ਸੂਬਾ ਸਲਾਹਕਾਰ ਕਾਰਜ ਸਿੰਘ ਘਰਿਆਲਾ, ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਬਾਬਾ ਪ੍ਰਗਟ ਸਿੰਘ ਪਰਿੰਗੜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਰ ਮੁਕਤ ਵਪਾਰ ਤੇ ਬਿਜਲੀ ਸੋਧ ਬਿੱਲ 2025 ਅਤੇ ਬੀਜ ਐਕਟ 2025 ਦੇ ਵਿਰੋਧ ਵਿਚ ਵੱਖ-ਵੱਖ ਰਾਜਾਂ 'ਚ ਮੋਦੀ ਸਰਕਾਰ ਟਰੰਪ ਅਤੇ ਪੰਜਾਬ ਸਰਕਾਰ ਦੇ ਪੰਜਾਬ ਭਰ ਡੀ. ਸੀ. ਹੈੱਡ ਕੁਆਰਟਰਾਂ ਦੇ ਪੁਤਲੇ ਫੂਕੇ ਗਏ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਨਾਲ ਧਰੋਹ ਕਰ ਰਹੀ ਹੈ ਤੇ ਅਜੇ ਤੱਕ ਪੰਜਾਬ ਸਰਕਾਰ ਨੇ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੇ ਜਿਥੇ ਮੁਆਵਜੇ ਨਹੀਂ ਦਿੱਤੇ, ਉਥੇ ਹੀ ਕੇਂਦਰ ਸਰਕਾਰ ਦੀ ਸ਼ਹਿ ਤੇ ਪਿੰਡਾਂ 'ਚ ਚਿੱਪ ਵਾਲੇ ਮੀਟਰ ਧੜਾਧੜ ਲਵਾ ਰਹੀ ਹੈ, ਜੋ ਕਿਸਾਨ ਜਥੇਬੰਦੀਆਂ ਕਦੇ ਬਰਦਾਸ਼ਿਤ ਨਹੀਂ ਕਰਨਗੀਆਂ | ਉਨ੍ਹਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿਨ ਦੇ ਹੋਏ ਕਿਹਾ ਕਿ ਜੇ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਤੇਜ਼ ਕੀਤੇ ਜਾਣਗੇ | ਇਸ ਮੌਕੇ ਜ਼ੋਨ ਪ੍ਰਧਾਨ ਹਰਜੀਤ ਸਿੰਘ ਜੌਹਲ, ਕਾਰਜ ਸਿੰਘ ਵਰਿਆਂ, ਮੁਖਤਿਆਰ ਸਿੰਘ ਤਲਵੰਡੀ, ਰਾਜਬੀਰ ਸਿੰਘ ਤਲਵੰਡੀ, ਮਾਸਟਰ ਸੁਖਜਿੰਦਰ ਸਿੰਘ, ਕਸ਼ਮੀਰ ਸਿੰਘ, ਬੁੱਧ ਸਿੰਘ, ਕਸ਼ਮੀਰ ਸਿੰਘ ਕੋਟਲੀ, ਦਲਜੀਤ ਸਿੰਘ, ਸਤਨਾਮ ਸਿੰਘ ਇਕਾਈ ਪ੍ਰਧਾਨ ਬੱਬੂ ਸਭਰਾ ਆਦਿ ਹਾਜ਼ਰ ਸਨ |