ਮੀਆਂਵਿੰਡ, 17 ਫ਼ਰਵਰੀ (ਸੰਧੂ)-ਪਿੰਡ ਮੀਆਂਵਿੰਡ ਵਿਖੇ 18ਵਾਂ ਮਾਸਟਰ ਮਹਿੰਦਰ ਸਿੰਘ ਯਾਦਗਾਰੀ ਕਬੱਡੀ ਕੱਪ ਖੇਡ ਮੇਲਾ 22 ਫ਼ਰਵਰੀ ਨੂੰ ਮਨਾਇਆ ਜਾ ਰਿਹਾ ਹੈ | ਇਸ ਦਿਨ ਸਵੇਰ ਮੌਕੇ ਇਤਿਹਾਸਕ ਜਗ੍ਹਾ ਡੇਰਾ ਬਾਬਾ ਸੰਤੋਖ ਨਾਥ ਦੇ ਅਸਥਾਨ 'ਤੇ ਹਰਿਦੁਆਰ ਤੋਂ ਸੈਂਕੜਿਆਂ ਦੀ ਗਿਣਤੀ 'ਚ ਪੁੱਜੇ ਹੋਏ ਸਾਧੂਆਂ ਨੂੰ ਦਾਨ ਦਖਸਨਾਂ ਦਿੱਤੀ ਜਾਵੇਗੀ ਅਤੇ ਹਜ਼ਾਰਾਂ ਦੀ ਗਿਣਤੀ 'ਚ ਪੁੱਜਣ ਵਾਲੀ ਸੰਗਤ ਅਤੇ ਕਬੱਡੀ ਦਰਸ਼ਕਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ | ਇਸ ਸੰਬੰਧੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਭਾਜਪਾ ਪ੍ਰਧਾਨ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਉਹ ਆਪਣੇ ਪਿਤਾ ਦੀ ਯਾਦ ਨੂੰ ਸਮਰਪਿਤ ਹਰ ਸਾਲ ਇਹ ਖੇਡ ਮੇਲਾ ਅਤੇ ਸੱਭਿਆਚਾਰਕ ਮੇਲਾ ਕਰਵਾਉਂਦੇ ਆ ਰਹੇ ਹਨ ਤੇ ਇਸ ਵਾਰ ਵੀ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਖੇਡ ਮੇਲੇ ਦੌਰਾਨ ਜਿਥੇ ਨਾਮਵਾਰ ਕਬੱਡੀ ਕਲੱਬਾਂ ਦੀਆਂ ਟੀਮਾਂ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ, ਉਥੇ ਹੀ ਪੰਜਾਬ ਅਤੇ ਹਰਿਆਣਾ ਦੀਆਂ ਲੜਕੀਆਂ ਦਾ ਕਬੱਡੀ ਦਾ ਸ਼ੋਅ ਮੈਚ, ਮੇਜਰ ਰਾਜਸਥਾਨੀ ਦਾ ਮੋਟਰਸਾਈਕਲ ਸਟੰਟ, ਲੜਕੀਆਂ ਦਾ ਜਿਮਨਾਸਟਿਕ ਸ਼ੋਅ ਵੀ ਹੋਵੇਗਾ | ਉਪਰੰਤ ਆਈਆਂ ਹੋਈਆਂ ਟੀਮਾਂ ਨੂੰ ਨਕਦ ਇਨਾਮ ਤੇ ਟਰਾਫੀਆਂ ਨਾਲ ਨਿਵਾਜਿਆ ਜਾਵੇਗਾ | ਉਨ੍ਹਾਂ ਇਲਾਕਿਆਂ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਬੱਡੀ ਕੱਪ ਅਤੇ ਸੱਭਿਆਚਾਰ ਅਖਾੜੇ ਦੌਰਾਨ ਆਪਣੀ ਹਾਜ਼ਰੀ ਜ਼ਰੂਰ ਭਰਨ | ਉਨ੍ਹਾਂ ਕਿਹਾ ਕਿ ਸ਼ਾਮ ਪੰਜ ਵਜੇ ਨਾਮਵਾਰ ਗਾਇਕ ਜੀ ਖ਼ਾਨ, ਜੈਸਮੀਨ ਅਖ਼ਤਰ ਦਾ ਖੁੱਲ੍ਹਾ ਅਖਾੜਾ ਤੇ ਕਮੇਡੀਅਨ ਦੀਦਾਰ ਗਿੱਲ, ਧੀਰਜ ਕੁਮਾਰ, ਭੋਟੂ ਸ਼ਾਹ ਪਹੁੰਚੇ ਹੋਏ ਦਰਸ਼ਕਾਂ ਦਾ ਮਨੋਰੰਜਨ ਕਰਨਗੇ |