ਖਾਲੜਾ, 17 ਫਰਵਰੀ (ਜੱਜਪਾਲ ਸਿੰਘ ਜੱਜ)-ਬੀ.ਐੱਸ.ਐੱਫ ਅਤੇ ਥਾਣਾ ਖਾਲੜਾ ਪੁਲਿਸ ਵਲੋਂ ਸਾਂਝੇ ਆਪਰੇਸ਼ਨ ਦੌਰਾਨ 508 ਗ੍ਰਾਮ ਹੈਰੋਇਨ ਅਤੇ ਇਕ ਡਰੋਨ ਸਮੇਤ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਖਾਲੜਾ ਦੇ ਮੁਖੀ ਐੱਸ.ਆਈ. ਸਾਹਿਬ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਅਤੇ ਬੀ.ਐੱਸ.ਐੱਫ. 142 ਬਟਾਲੀਅਨ ਦੇ ਕੰਪਨੀ ਕਮਾਂਡਰ ਅਬੇ ਸਿੰਘ ਅਤੇ ਜਵਾਨਾਂ ਨਾਲ ਮਾੜੀਕੰਬੋਕੇ ਨਜ਼ਦੀਕ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਮਾੜੀ ਕੰਬੋਕੇ ਨਾਖਾਂ ਵਾਲੇ ਬਾਗ ਨਜ਼ਦੀਕ ਇਕ ਵਿਅਕਤੀ ਜਿਸ ਨੇ ਆਪਣੇ ਹੱਥ ਵਿਚ ਪੀਲੇ ਰੰਗ ਦਾ ਪੈਕੇਟ ਫੜਿਆ ਹੋਇਆ ਦਿਖਾਈ ਦਿੱਤਾ, ਜਿਸ ਨੂੰ ਕਾਬੂ ਕਰਕੇ ਉਸ ਪਾਸੋਂ 508 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁੱਛਗਿੱਛ ਦੌਰਾਨ ਉਸਨੇ ਇਕ ਡਰੋਨ ਡੀ.ਜੇ.ਆਈ. ਟੁੱਟਾ ਹੋਇਆ ਬਰਾਮਦ ਕਰਵਾਇਆ | ਉਕਤ ਵਿਅਕਤੀ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ ਇਕ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਪਛਾਣ ਬਲਜੀਤ ਸਿੰਘ ਪੁੱਤਰ ਲੇਟ ਗੁਰਚਰਨ ਸਿੰਘ ਵਾਸੀ ਮਾੜੀਕੰਬੋਕੇ ਵਜੋਂ ਹੋਈ ਹੈ, ਜਿਸਦੇ ਖਿਲਾਫ਼ ਐੱਨ.ਡੀ. ਪੀ.ਐੱਸ. ਐਕਟ ਅਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ |