215 ਗ੍ਰਾਮ ਹੈਰੋਇਨ, 1 ਕਿੱਲੋ 662 ਗ੍ਰਾਮ ਅਫ਼ੀਮ, ਤਿੰਨ ਡਰੋਨ ਅਤੇ ਹੋਰ ਸਾਮਾਨ ਬਰਾਮਦ
ਤਰਨ ਤਾਰਨ, 29 ਜਨਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਨੇ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵੱਖ ਵੱਖ ਥਾਵਾਂ ਤੋਂ 1 ਕਿੱਲੋ 215 ਗ੍ਰਾਮ ਹੈਰੋਇਨ, 1 ਕਿੱਲੋ 662 ਅਫੀਮ, ਤਿੰਨ ਡਰੋਨ, 23250 ਮਿ.ਨੀ. ਨਾਜਾਇਜ਼ ਸ਼ਰਾਬ, ਤਿੰਨ ਮੋਬਾਈਲ ਫ਼ੋਨ ਅਤੇ 2740 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਐੱਸ.ਐੱਚ.ਓ. ਸਾਹਿਬ ਸਿੰਘ ਨੂੰ ਸੂਚਨਾ ਮਿਲੀ ਕਿ ਇਲਾਕੇ ਦੇ ਇਕ ਪਿੰਡ ਦੇ ਖੇਤ ਵਿਚ ਅਫੀਮ ਦਾ ਪੈਕੇਟ ਪਿਆ ਹੋਇਆ ਹੈ, ਤਾਂ ਤੁਰੰਤ ਉਨ੍ਹਾਂ ਬੀ.ਐੱਸ.ਐੱਫ 115 ਬਟਾਲੀਅਨ ਦੇ ਕੰਪਨੀ ਕਮਾਂਡਰ ਸੰਜੇ ਕੁਮਾਰ ਸ਼ਰਮਾ ਨੂੰ ਸੂਚਨਾ ਦਿੱਤੀ ਅਤੇ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਨਾਲ ਲੈ ਕੇ ਇਲਾਕੇ ਵਿਚ ਸਰਚ ਕੀਤੀ ਤਾਂ ਪਿੰਡ ਖਾਲੜਾ ਦੀ ਪੰਚਾਇਤੀ ਜਮੀਨ ਜੋ ਹਰਜਿੰਦਰ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਖਾਲੜਾ ਨੇ ਠੇਕੇ 'ਤੇ ਲਈ ਹੋਈ, ਦੇ ਖੇਤ ਵਿਚੋਂ ਇਕ ਪੈਕੇਟ ਬਰਾਮਦ ਹੋਇਆ ਹੈ, ਜਿਸ ਵਿਚ ਵਿਚੋਂ 700 ਗ੍ਰਾਮ ਅਫੀਮ ਬਰਾਮਦ ਹੋਈ ਹੈ। ਇਸੇ ਤਰ੍ਹਾਂ ਥਾਣਾ ਖਾਲੜਾ ਦੇ ਏ.ਐੱਸ.ਆਈ. ਗੁਰਸਾਹਿਬ ਸਿੰਘ ਨੂੰ ਸੂਚਨਾ ਮਿਲੀ ਕਿ ਜਸਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਇੰਦਰਜੀਤ ਸਿੰਘ ਪੁੱਤਰ ਮੇਜਰ ਸਿੰਘ, ਜੋਬਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀਅਨ ਮਾੜੀ ਕੰਬੋਕੇ ਵਲੋਂ ਲੋਕੇਸ਼ਨ ਪਾ ਕੇ ਪਾਕਿਸਤਾਨ ਤੋਂ ਹੈਰੋਇਨ, ਅਫੀਮ ਅਤੇ ਅਸਲਾ ਮੰਗਵਾਉਂਦੇ ਹਨ, ਜੋ ਅੱਜ ਵੀ ਪਿੰਡ ਮਾੜੀ ਕੰਬੋਕੇ ਦੀਆਂ ਬਹਿਕਾਂ ਨੂੰ ਆ ਰਹੇ ਹਨ, ਤਾਂ ਤੁਰੰਤ ਉਨ੍ਹਾਂ ਬੀ.ਐੱਸ.ਐੱਫ ਦੀ ਬਟਾਲੀਅਨ 142 ਦੇ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਸੂਚਨਾ ਦਿੱਤੀ ਗਈ ਅਤੇ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਨਾਲ ਲੈ ਕੇ ਗਸ਼ਤ ਕੀਤੀ ਜਾ ਰਹੀ ਸੀ, ਜਿਸ ਦੌਰਾਨ ਮਾੜੀ ਕੰਬੋਕੇ ਦੀਆਂ ਬਹਿਕਾਂ ਨਜ਼ਦੀਕ ਤੋਂ ਉਕਤ ਤਿੰਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 300 ਗ੍ਰਾਮ ਹੈਰੋਇਨ, 962 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਖਾਲੜਾ ਦੇ ਏ.ਐੱਸ.ਆਈ. ਗੁਰਨਾਮ ਸਿੰਘ ਨੂੰ ਸੂਚਨਾ ਮਿਲੀ ਕਿ ਪਾਕਿਸਤਾਨ ਤੋਂ ਡਰੋਨ ਆਏ ਹਨ, ਜਿਨ੍ਹਾਂ ਨੂੰ ਜੈਮਰ ਨਾਲ ਦਾਣਾ ਮੰਡੀ ਵਾਂ ਤਾਰਾ ਸਿੰਘ ਵਿਚ ਸੁੱਟਿਆ ਗਿਆ ਹੈ ਤਾਂ ਤੁਰੰਤ ਉਨ੍ਹਾਂ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਨਾਲ ਲੈ ਕੇ ਇਲਾਕੇ ਵਿਚ ਸਰਚ ਕੀਤੀ ਤਾਂ ਦਾਣਾ ਮੰਡੀ ਵਾਂ ਤਾਰਾ ਸਿੰਘ ਤੋਂ ਇਕ ਡਰੋਨ ਟੁੱਟਾ ਹੋਇਆ ਅਤੇ 2 ਹੋਰ ਡਰੋਨ ਬਰਾਮਦ ਹੋਏ। ਥਾਣਾ ਖੇਮਕਰਨ ਦੀ ਪੁਲਿਸ ਨੇ ਬਲਜੀਤ ਸਿੰਘ ਪੁੱਤਰ ਬਾਜ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਭੂਰਾ ਕੋਹਨਾ ਨੂੰ ਬਰਾਮਦ ਕਰਕੇ ਉਨ੍ਹਾਂ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ ਰੋਹੀ ਪੁੱਲ ਨੇੜੇ ਗੁਰਦੁਆਰਾ ਟੱਕਰ ਸਾਹਿਬ ਰੋਡ ਤਰਨ ਤਾਰਨ ਵਿਖੇ ਨਾਕਾਬੰਦੀ ਦੌਰਾਨ ਵਿਸ਼ਾਲ ਪੁੱਤਰ ਤਰਸੇਮ ਸਿੰਘ ਵਾਸੀ ਸੱਚਖੰਡ ਰੋਡ ਤਰਨ ਤਾਰਨ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਸਿਟੀ ਤਰਨ ਤਾਰਨ ਨੇ ਵਿਸ਼ਾਲ ਅਰੋੜਾ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਕੈਂਚੀਆਂ ਵਾਲਾ ਬਾਜ਼ਾਰ ਤਰਨ ਤਾਰਨ ਅਤੇ ਅਮਨ ਪੁੱਤਰ ਜੈਲਾ ਸਿੰਘ ਵਾਸੀ ਬੈਕ ਸਾਈਡ ਧੋੜਾ ਚੌਂਕੀ ਮੁਹੱਲਾ ਗੁਰੂ ਕਾ ਖੂਹ ਤਰਨ ਤਾਰਨ ਪਾਸੋਂ ਇਕ ਪਲਾਸਿਟਕ ਦੀ ਕੈਨੀ ਵਿਚੋਂ 16500 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਝਬਾਲ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਬਗੀਚਾ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਕੋਟ ਧਰਮ ਚੰਦ ਕਲਾਂ ਦੇ ਘਰ ਛਾਪੇਮਾਰੀ ਦੌਰਾਨ ਉਥੋਂ 6750 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਸਦਰ ਦੀ ਪੁਲਿਸ ਨੇ ਬਲਵਿੰਦਰ ਸਿੰਘ ਉਰਫ਼ ਬੰਟੀ ਪੁੱਤਰ ਦਿਲਬਾਗ ਸਿੰਘ ਵਾਸੀ ਅਲਾਦੀਨਪੁਰ ਨੂੰ ਕਾਬੂ ਕਰਕੇ ਉਸ ਕੋਲੋਂ 7 ਗ੍ਰਾਮ ਹੈਰੋਇਨ, 1150 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਗੋਇੰਦਵਾਲ ਸਾਹਿਬ ਵਿਖੇ ਪੁਲਿਸ ਨੇ ਮਨਤੇਜ ਸਿੰਘ ਉਰਫ਼ ਸੁਖਵਿੰਦਰ ਸਿੰਘ ਵਾਸੀ ਫਤਿਆਬਾਦ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ, 1590 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਥਾਣਾ ਭਿੱਖੀਵਿੰਡ ਦੇ ਏ.ਐੱਸ.ਆਈ ਕੁਲਵਿੰਦਰਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਸੂਆ ਪਿੰਡ ਸੁਰਸਿੰਘ ਤੋ ਨਸ਼ੇ ਦਾ ਸੇਵਨ ਕਰ ਰਹੇ ਕੁਲਦੀਪ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਦਿਆਲ ਰਾਜਪੂਤਾਂ ਨੂੰ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਖੇਮਕਰਨ ਦੇ ਏ.ਐੱਸ.ਆਈ. ਦਿਲਬਾਗ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੁੱਲ ਸੂਆ ਭੂਰਾ ਕੋਹਨਾ ਤੋਂ ਬਲਜੀਤ ਸਿੰਘ ਪੁੱਤਰ ਬਾਜ ਸਿੰਘ, ਸੰਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀਅਨ ਭੂਰਾ ਕੋਹਨਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਸਰਹਾਲੀ ਦੇ ਮੁੱਖ ਸਿਪਾਹੀ ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਸ਼ੱਕਰੀ ਰੋਡ ਨੇੜੇ ਸਮਸ਼ਾਨਘਾਟ ਸਰਹਾਲੀ ਤੋਂ ਗੁਰਪਾਲ ਸਿੰਘ ਪੁੱਤਰ ਜਲਵਿੰਦਰ ਸਿੰਘ ਵਾਸੀ ਜਵੰਦਾ ਕਲਾਂ ਨੂੰ ਕਾਬੂ ਕਰਕੇ ਉਸ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਸਿਟੀ ਪੱਟੀ ਦੇ ਏ.ਐੱਸ.ਆਈ. ਅਮਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਰੇਲਵੇ ਸਟੇਸ਼ਨ ਪੱਟੀ ਨਜ਼ਦੀਕ ਤੋਂ ਬਲਜੀਤ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਪੱਟੀ ਨੂੰ ਕਾਬੂ ਕਰਕੇ ਉਸ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਕਾਬੂ ਕੀਤੇ ਉਕਤ ਵਿਅਕਤੀਆਂ ਖਿਲਾਫ ਮਾਮਲੇ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ।
ਤਰਨ ਤਾਰਨ ਪੁਲਿਸ ਵਲੋਂ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 1 ਕਿੱਲੋ
ਅਜੀਤ ਡੈਸਕ
30-01-2026