ਗੁਰਦਾਸਪੁਰ, 29 ਜਨਵਰੀ (ਚੱਕਰਾਜਾ)-ਨੌਜਵਾਨਾਂ 'ਚ ਨਸ਼ਿਆਂ ਦੀ ਵੱਧ ਰਹੀ ਚਿੰਤਾ ਨੂੰ ਦੂਰ ਕਰਨ ਲਈ ਰੈੱਡ ਕਰਾਸ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ ਵਲੋਂ ਸ਼ਿਵ ਦੁਲਾਰ ਸਿੰਘ ਢਿੱਲੋਂ ਆਈ.ਏ.ਐਸ ਸੇਵਾਮੁਕਤ, ਸਕੱਤਰ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਯਾਤ ਨਗਰ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰੋਮੇਸ਼ ਮਹਾਜਨ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਪ੍ਰਭਾਵਾਂ ਬਾਰੇ ਪ੍ਰੇਰਿਤ ਕਰਨਾ ਸੀ | ਸਮਾਗਮ ਦੀ ਅਗਵਾਈ ਪਿ੍ੰਸੀਪਲ ਇਕਬਾਲ ਸਿੰਘ ਬਾਜਵਾ ਨੇ ਕੀਤੀ | ਇਸ ਮੌਕੇ ਟੀਮ ਨੇ ਨਸ਼ੇ ਦੀ ਲਤ ਦੇ ਕਾਰਨਾਂ ਤੇ ਪ੍ਰਭਾਵਾਂ ਨੂੰ ਉਜਾਗਰ ਕਰਦੇ ਹੋਏ ਇਕ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ | ਉਨ੍ਹਾਂ ਨੇ ਨਸ਼ਿਆਂ ਦੀ ਦੁਰਵਰਤੋਂ ਦੇ ਲੱਛਣਾਂ, ਸ਼ੁਰੂਆਤੀ ਦਖ਼ਲ-ਅੰਦਾਜ਼ੀ ਤੇ ਸਹਾਇਤਾ ਪ੍ਰਣਾਲੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਜੀਵਨ 'ਚ ਕਿਸੇ ਵੀ ਕਿਸਮ ਦੇ ਨਸ਼ਿਆਂ ਦੀ ਵਰਤੋਂ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ | ਸਕੂਲ ਦੇ ਪ੍ਰਬੰਧਨ ਨੇ ਕੇਂਦਰ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਜੀਵਨ 'ਚ ਕਿਸੇ ਵੀ ਕਿਸਮ ਦੇ ਨਸ਼ਿਆਂ ਨੂੰ ਨਾ ਛੂਹਣ ਦੀ ਸਹੁੰ ਚੁੱਕੀ |