ਤਰਨ ਤਾਰਨ, 22 ਜਨਵਰੀ (ਇਕਬਾਲ ਸਿੰਘ ਸੋਢੀ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਦੋ ਜ਼ੋਨਾਂ ਵਲੋਂ ਪਿੰਡਾਂ ਵਿਚੋਂ ਪੁੱਟੇ ਗਏ ਚਿੱਪ ਵਾਲੇ ਮੀਟਰ ਫੋਕਲ ਪੁਆਇੰਟ ਸਬ ਡਵੀਜ਼ਨ ਤਰਨ ਤਾਰਨ ਵਿਚ ਜਮ੍ਹਾਂ ਕਰਵਾਏ ਗਏ ਮੋਦੀ ਤੇ ਮਾਨ ਸਰਕਾਰ ਵਲੋਂ ਬਿਜਲੀ ਦੇ ਨਿੱਜੀਕਰਨ ਵੱਲ ਵੱਧਦੇ ਕਦਮ ਰੋਕਣ ਲਈ ਆਮ ਲੋਕਾਂ ਨੂੰ ਸੁਚੇਤ ਹੋਣ ਦਾ ਸੱਦਾ ਦਿੱਤਾ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨ ਤਰਨ ਦੇ ਦੋ ਜੋਨਾਂ ਬਾਬਾ ਬੀਰ ਸਿੰਘ ਤੇ ਗੁਰੂ ਅਰਜਨ ਦੇਵ ਵਲੋਂ ਪਿੰਡਾਂ ਵਿਚੋਂ ਚਿੱਪ ਵਾਲੇ ਮੀਟਰ ਪੁੱਟ ਕੇ ਸਬ ਡਵੀਜ਼ਨ ਫੋਕਲ ਪੁਆਇੰਟ ਤਰਨ ਤਾਰਨ ਦੇ ਐਸ.ਡੀ.ਓ. ਨੂੰ ਦੇ ਦਿੱਤੇ ਤੇ ਨਾਲ ਹੀ ਬਿਜਲੀ ਦੇ ਨਿੱਜੀਕਰਨ ਦੇ ਖਿਲਾਫ਼ ਆਪਣਾ ਮੰਗ ਪੱਤਰ ਵੀ ਦਿੱਤਾ | ਇਸ ਮੌਕੇ ਕਿਸਾਨਾਂ-ਮਜ਼ਦੂਰਾਂ ਤੇ ਬੀਬੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਦੁੱਗਲਵਾਲਾ, ਜਨਰਲ ਸਕੱਤਰ ਬਲਜਿੰਦਰ ਸਿੰਘ ਸੇਰੋਂ, ਨਿਸ਼ਾਨ ਸਿੰਘ ਸ਼ਹਾਬਪੁਰ ਨੇ ਕਿਹਾ ਬਿਜਲੀ ਅੱਜ ਆਮ ਲੋਕਾਂ ਦੀ ਜ਼ਰੂਰਤ ਬਣ ਚੁੱਕੀ ਹੈ ਤੇ ਹਰ ਇਨਸਾਨ ਇਸ ਦੀ ਵਰਤੋਂ ਕਰਦਾ ਹੈ | ਜਦ ਭਾਰਤ ਦੇਸ਼ ਆਜ਼ਾਦ ਹੋਇਆ ਸੀ ਤਾਂ 1948 ਵਿਚ ਬਿਜਲੀ ਐਕਟ ਹੋਂਦ ਵਿਚ ਆਇਆ ਸੀ, ਜਿਸ ਦੀਆਂ ਸਦਾ ਵਿਚ ਬਿਜਲੀ ਆਮ ਲੋਕਾਂ ਨੂੰ ਬਿਨਾਂ ਮੁਨਾਫੇ ਤੇ ਬਿਨਾਂ ਹਾਨੀ ਦੇ ਦਿੱਤੀ ਜਾਵੇਗੀ, ਕੁਝ ਠੀਕ ਚੱਲਦਾ ਰਿਹਾ, ਪਰ ਵਿਸ਼ਵ ਵਪਾਰ ਸੰਗਠਨ ਦੇ ਦਬਾਅ ਹੇਠ 1991 ਵਿਚ ਬਿਜਲੀ ਨੂੰ ਨਿੱਜੀਕਰਨ ਵੱਲ ਧੱਕਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਹੌਲੀ ਹੌਲੀ 2010 ਵਿਚ ਪੰਜਾਬ ਸਰਕਾਰ ਨੇ ਕੇਂਦਰ ਦੇ ਇਸ਼ਾਰੇ 'ਤੇ ਪੰਜਾਬ ਰਾਜ ਬਿਜਲੀ ਬੋਰਡ ਤੋੜ ਕੇ ਇਸ ਦੇ ਦੋ ਨਿਯਮ ਬਣਾ ਦਿੱਤੇ, | ਪਰ 2020 ਵਿਚ ਕੋਰੋਨਾ ਦੌਰ ਤੋਂ ਪਹਿਲਾਂ ਸਰਕਾਰ ਨੇ ਬਿਜਲੀ ਐਕਟ 2020 ਤੇ ਹੋਰ ਕਾਲੇ ਕਾਨੂੰਨ ਲਿਆਂਦੇ, ਜੋ ਕਿਸਾਨੀ ਸੰਘਰਸ਼ਾਂ ਨੇ ਰੱਦ ਕਰਵਾਏ, ਪਰ ਹੁਣ ਫਿਰ ਤੋਂ ਬਿਜਲੀ ਐਕਟ 2020 ਲਿਆਂਦਾ ਗਿਆ, ਜਿਸ ਵਿਚ ਚਿੱਪ ਵਾਲੇ ਮੀਟਰ ਲਗਾਉਣਾ, ਪੰਜ ਪਿੰਡਾਂ ਦੇ ਕਲਸਟਰ ਬਣਾ ਕੇ ਪੂਰੀ ਤਰ੍ਹਾਂ ਬਿਜਲੀ ਦੇ ਪ੍ਰਬੰਧ ਨੂੰ ਨਿੱਜੀ ਕੰਪਨੀਆਂ ਨੂੰ ਸੌਂਪਣ ਕੋਈ ਸਰਕਾਰੀ ਭਰਤੀ ਨਾ ਕਰਨ ਤੇ ਪਿੰਡਾਂ ਤੇ ਸ਼ਹਿਰਾਂ ਦੀਆਂ ਸਰਕਾਰੀ ਜ਼ਮੀਨਾਂ ਜੋ ਮਤੇ ਪਾ ਕੇ ਪੰਚਾਇਤਾਂ ਵਲੋਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਵੇਚਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਸ ਲਈ ਪੰਜਾਬ ਭਰ ਪਿੰਡਾਂ ਵਿਚ ਚਿਪ ਵਾਲੇ ਮੀਟਰ ਪੁੱਟ ਕੇ ਸੁੱਟੇ ਜਾ ਰਹੇ ਹਨ ਤੇ ਕਿਸੇ ਵੀ ਕੀਮਤ 'ਤੇ ਬਿਜਲੀ ਦਾ ਨਿੱਜੀਕਰਨ ਨਹੀਂ ਹੋਣ ਦਿੱਤਾ ਜਾਵੇਗਾ | ਜੇਕਰ ਨਿੱਜੀਕਰਨ ਹੁੰਦਾ ਹੈ ਤਾਂ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਤੇ ਸਮਾਜ ਵਿਚ ਅਸ਼ਾਂਤੀ ਫੈਲੇਗੀ | ਇਸ ਮੌਕੇ ਸੁਖਦੇਵ ਸਿੰਘ ਸ਼ਹਾਬਪੁਰ, ਗੁਰਸੇਵਕ ਸਿੰਘ ਅਲਾਵਲਪੁਰ, ਗੁਰਦਿਆਲ ਸਿੰਘ ਨੌਰੰਗਾਬਾਦ, ਬਲਜੀਤ ਸਿੰਘ ਬੇਗਮਪੁਰ, ਗੁਰਜੀਤ ਸਿੰਘ ਪੰਡੋਰੀ ਗੋਲਾ, ਅਮਨਦੀਪ ਸਿੰਘ ਸੇਰੋਂ, ਸੁਖਦੇਵ ਸਿੰਘ ਦੀਨਪੁਰ, ਲੱਖਾ ਸਿੰਘ ਸੰਘੇ, ਰਘਬੀਰ ਸਿੰਘ ਰੈਸ਼ੀਆਣਾ, ਹਰਪ੍ਰੀਤ ਸਿੰਘ ਬੰਗਾਲੀਪੁਰ ਆਦਿ ਆਗੂ ਹਾਜ਼ਰ ਸਨ |