21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਲੋਕ ਹਿਤਾਂ ਦੀ ਸੱਚੀ ਪਹਿਰੇਦਾਰ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ-ਸਰਬਜੀਤ ਸਿੰਘ ਝਿੰਜਰ

ਅਜੀਤ ਡੈਸਕ 21-01-2026
ਪਟਿਆਲਾ, 20 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਲੋਕ ਹਿਤਾਂ ਦੀ ਸੱਚੀ ਪਹਿਰੇਦਾਰ ਪਾਰਟੀ ਹੈ ਅਤੇ ਪੁਰਾਣੇ ਵਿਕਾਸ ਕਾਰਜਾਂ ਦੀ ਤੁਲਨਾ ਅੱਜ ਦੇ ਹਾਲਾਤ ਨਾਲ ਕਰਦਿਆਂ ਲੋਕ ਮੁੜ ਅਕਾਲੀ ਦਲ 'ਤੇ ਭਰੋਸਾ ਜਤਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਅਤੇ ਹਲਕਾ ਘਨੌਰ ਦੀ ਅਗਵਾਈ ਕਰ ਰਹੇ ਸਰਬਜੀਤ ਸਿੰਘ ਝਿੰਜਰ ਨੇ 'ਅਜੀਤ' ਉਪ-ਦਫਤਰ ਪਟਿਆਲਾ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਰਾਜ ਦੌਰਾਨ ਸੜਕਾਂ, ਖੇਡਾਂ, ਬੁਨਿਆਦੀ ਢਾਂਚੇ ਅਤੇ ਪੰਥਕ ਹਿਤਾਂ ਦੀ ਰਾਖੀ ਲਈ ਇਮਾਨਦਾਰੀ ਨਾਲ ਕੰਮ ਕੀਤਾ | ਅਕਾਲੀ ਦਲ ਦੇ ਸਮੇਂ ਵੱਡੇ ਪ੍ਰੋਜੈਕਟਾਂ, ਥਰਮਲ ਪਲਾਂਟਾਂ ਅਤੇ ਵਿਕਾਸਮੁਖੀ ਯੋਜਨਾਵਾਂ ਨਾਲ ਪੰਜਾਬ ਦੀ ਪਛਾਣ ਬਣੀ, ਪਰ ਬਾਅਦ 'ਚ ਕਾਂਗਰਸ ਅਤੇ ਖ਼ਾਸ ਕਰਕੇ ਆਮ ਆਦਮੀ ਪਾਰਟੀ ਦੇ ਰਾਜ 'ਚ ਸਿਰਫ ਟਰਾਂਸਫ਼ਰਾਂ ਨੂੰ ਹੀ ਵਿਕਾਸ ਦੱਸ ਕੇ ਲੋਕਾਂ ਦੀਆਂ ਅੱਖਾਂ 'ਚ ਧੂੜ ਪਾਈ ਗਈ | ਸ. ਝਿੰਜਰ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਖੇਤਰੀ ਪਾਰਟੀ ਹੈ ਜੋ ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਅਸਲ ਪਹਿਰੇਦਾਰ ਹੈ ਅਤੇ ਪੰਜਾਬ ਦੇ ਹਿਤਾਂ 'ਤੇ ਕਦੇ ਵੀ ਸਮਝੌਤਾ ਨਹੀਂ ਕਰਦੀ | ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਪੰਥਕ ਤੇ ਧਾਰਮਿਕ ਮੁੱਦਿਆਂ 'ਚ ਦਖ਼ਲਅੰਦਾਜ਼ੀ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਰਹੀ ਹੈ, ਜਿਸ ਦਾ ਖ਼ਮਿਆਜ਼ਾ ਉਸ ਨੂੰ ਅਗਲੀਆਂ ਚੋਣਾਂ 'ਚ ਭੁਗਤਣਾ ਪਵੇਗਾ | ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਅਤੇ ਹੁਣ ਨਸ਼ੇ, ਬੇਰੁਜ਼ਗਾਰੀ, ਅਸੁਰੱਖਿਆ, ਚੋਰੀਆਂ ਤੇ ਡਾਕਿਆਂ ਵਰਗੇ ਹਾਲਾਤ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ | ਇਨ੍ਹਾਂ ਝੂਠੇ ਵਾਅਦਿਆਂ ਤੋਂ ਅੱਕੇ ਲੋਕ ਦੁਬਾਰਾ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਉਤਸੁਕ ਹਨ | ਘਨੌਰ ਹਲਕੇ ਬਾਰੇ ਗੱਲ ਕਰਦਿਆਂ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਕੁਝ ਦਿਨ ਪਹਿਲਾਂ ਦਿੱਤੀ ਅਗਵਾਈ ਦੇ ਤਹਿਤ ਘਨੌਰ 'ਚ ਟਕਸਾਲੀ ਆਗੂਆਂ ਅਤੇ ਨੌਜਵਾਨ ਟੀਮ ਦੇ ਸੁਮੇਲ ਨਾਲ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਹਲਕੇ ਦੇ ਵਿਕਾਸ ਲਈ ਹਰ ਵਿਵਹਾਰਿਕ ਯਤਨ ਕੀਤੇ ਜਾਣਗੇ | ਉਨ੍ਹਾਂ ਦੋਸ਼ ਲਗਾਇਆ ਕਿ ਘਨੌਰ 'ਚ ਪਹਿਲਾਂ ਮਦਨ ਲਾਲ ਜਲਾਲਪੁਰ ਅਤੇ ਹੁਣ ਮੌਜੂਦਾ ਵਿਧਾਇਕ ਗੁਰਲਾਲ ਸਿੰਘ ਘਨੌਰ ਦੇ ਸਮੇਂ ਦੌਰਾਨ ਮਾਈਨਿੰਗ, ਸ਼ਰਾਬ ਅਤੇ ਹੋਰ ਨਾਜਾਇਜ਼ ਕਾਰੋਬਾਰਾਂ ਰਾਹੀਂ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਘੱਗਰ ਦਰਿਆ 'ਚ ਪਏ ਪਾੜ ਅਜੇ ਤੱਕ ਬੰਦ ਨਹੀਂ ਕੀਤੇ ਗਏ, ਜਦਕਿ ਕੁਝ ਮਹੀਨਿਆਂ ਬਾਅਦ ਦੁਬਾਰਾ ਬਾਰਿਸ਼ਾਂ ਦਾ ਮੌਸਮ ਆਉਣ ਵਾਲਾ ਹੈ | ਸਰਕਾਰ ਨੂੰ ਆਮ ਲੋਕਾਂ ਦੀ ਕੋਈ ਪਰਵਾਹ ਨਹੀਂ, ਸਿਰਫ ਆਪਣੀਆਂ ਤਜੌਰੀਆਂ ਭਰਨ 'ਚ ਲੱਗੀ ਹੋਈ ਹੈ, ਜਿਸ ਕਾਰਨ ਘਨੌਰ ਹਲਕੇ 'ਚ ਕਰੋੜਾਂ ਦੇ ਘਪਲੇ ਸਾਹਮਣੇ ਆ ਰਹੇ ਹਨ | ਅੰਤ 'ਚ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਘਨੌਰ ਹਲਕੇ ਦੀ ਕਮਾਂਡ ਸੰਭਾਲਦਿਆਂ ਉਹ ਹਮੇਸ਼ਾ ਲੋਕਾਂ ਦੇ ਹਿਤਾਂ ਨੂੰ ਪ੍ਰਾਥਮਿਕਤਾ ਦੇ ਕੇ ਕੰਮ ਕਰਨਗੇ ਅਤੇ ਅਕਾਲੀ ਦਲ ਨੂੰ ਮੁੜ ਮਜ਼ਬੂਤ ਕਰਨ ਲਈ ਪੂਰੀ ਤਾਕਤ ਨਾਲ ਮੈਦਾਨ 'ਚ ਰਹਿਣਗੇ |
ਪਿਛਲੀ ਖ਼ਬਰ 26 ਜਨਵਰੀ ਦੇ ਟਰੈਕਟਰ ਮਾਰਚ ਲਈ ਕਿਸਾਨਾਂ ਨੂੰ ਤਿਆਰ ਰਹਿਣ ਦਾ ਸੱਦਾ ਅਗਲੀ ਖ਼ਬਰ ਸਕਾਲਰਜ਼ ਸਕੂਲ ਦੇ ਵਿਦਿਆਰਥੀਆਂ ਨੇ ਸ਼ਤਰੰਜ ਮੁਕਾਬਲਿਆਂ 'ਚ ਟਰਾਫ਼ੀ, ਤਗਮਾ ਅਤੇ ਨਕਦ ਪੁਰਸਕਾਰ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।