ਚੋਹਲਾ ਸਾਹਿਬ, 20 ਜਨਵਰੀ (ਬਲਵਿੰਦਰ ਸਿੰਘ) -ਇਸ ਸਾਲ ਪੰਜਾਬ ਅੰਦਰ ਆਏ ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਕਸਬਾ ਚੋਹਲਾ ਸਾਹਿਬ ਦੀ ਸੰਗਤ ਵਲੋਂ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜੈਕਾਰਿਆਂ ਦੀ ਗੂੰਜ ਵਿਚ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨ ਵਜੋਂ ਇਕ ਯਾਦਗਾਰੀ ਤਸਵੀਰ ਭੇਂਟ ਕੀਤੀ ਗਈ | ਸੰਗਤ ਦੇ ਇਕੱਠ ਵਿਚ ਜਥੇਦਾਰ ਸੁਖਦੇਵ ਸਿੰਘ, ਕੁਰਿੰਦਰਜੀਤ ਸਿੰਘ ਨਿੱਕਾ ਚੋਹਲਾ, ਖੁਸ਼ਪ੍ਰੀਤ ਸਿੰਘ ਆਸਟ੍ਰੇਲੀਆ, ਹਰਮਨਪ੍ਰੀਤ ਸਿੰਘ ਆਸਟ੍ਰੇਲੀਆ, ਗੁਰਜੀਤ ਸਿੰਘ ਹਾਂਗਕਾਂਗ, ਮਨਜੋਤ ਸਿੰਘ, ਜਗਰੂਪ ਸਿੰਘ ਪੱਖੋਪੁਰ, ਜਥੇਦਾਰ ਹਰੀ ਸਿੰਘ ਰੱਤੋਕੇ, ਬਲਜਿੰਦਰ ਸਿੰਘ ਲਵਪ੍ਰੀਤ ਸਿੰਘ, ਗੁਰਪ੍ਰਤਾਪ ਸਿੰਘ ਅਤੇ ਹੋਰ ਸੰਗਤਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਬੋਲਦਿਆਂ ਜਥੇਦਾਰ ਸੁਖਦੇਵ ਸਿੰਘ ਨੇ ਆਖਿਆ ਕਿ ਬਾਬਾ ਸੁੱਖਾ ਸਿੰਘ ਸਾਡੇ ਨਗਰ ਚੋਹਲਾ ਸਾਹਿਬ ਪਹੁੰਚੇ ਹਨ, ਅਸੀਂ ਨਗਰ ਦੀ ਸਮੂਹ ਸੰਗਤ ਵਲੋਂ ਮਹਾਂਪੁਰਖਾਂ ਦਾ ਸਵਾਗਤ ਕਰਦੇ ਹਾਂ | ਸੰਤ ਬਾਬਾ ਸੁੱਖਾ ਸਿੰਘ ਨੇ ਬੇਅੰਤ ਪਰਉਪਕਾਰ ਕੀਤੇ ਹਨ, ਉਨ੍ਹਾਂ ਨੇ ਲੋਕਾਈ ਦੀ ਹਰ ਬਿਪਤਾ ਨੂੰ ਸਦਾ ਅੱਗੇ ਵਧ ਕੇ ਨਜਿੱਠਿਆ ਹੈ | ਹੜ੍ਹਾਂ ਵਿਚ ਦੁਖੀ ਮਾਨਵਤਾ ਦੀ ਬਾਂਹ ਫੜ੍ਹ ਕੇ ਆਪ ਨੇ ਗੁਰੂ ਸਾਹਿਬਾਨਾਂ ਦੀ ਬਖਸ਼ੀ ਹੋਈ ਸੇਵਾ ਪ੍ਰੰਪਰਾ ਨੂੰ ਦੁਨੀਆਂ ਭਰ ਵਿਚ ਉੱਘਾ ਕੀਤਾ ਹੈ ਅਤੇ ਸੰਪਰਦਾਇ ਵਲੋਂ ਸੰਤ ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ ਲਗਾਤਾਰ ਅਣਗਿਣਤ ਅਜਿਹੇ ਕਾਰਜ ਕੀਤੇ ਜਾ ਰਹੇ ਹਨ, ਜਿਸ ਨਾਲ ਮਨੁੱਖਤਾ ਦਾ ਭਲਾ ਹੋ ਸਕੇ | ਉਨ੍ਹਾਂ ਕਿਹਾ ਕਿ ਸੰਪਰਦਾਇਕ ਕਾਰ ਸੇਵਾ ਸਰਹਾਲੀ ਜਿਸ ਤਰ੍ਹਾਂ ਸੇਵਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾ ਰਹੀ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ | ਸਕੂਲਾਂ ਕਾਲਜਾਂ ਵਿਚ ਵਿੱਦਿਆ ਦਾ ਚਾਨਣ ਵੰਡਣ ਤੋਂ ਇਲਾਵਾ ਸੰਪਰਦਾਇ ਵਲੋਂ ਲੋੜਵੰਦ ਅਤੇ ਗਰੀਬ ਵਿਅਕਤੀਆਂ ਦੀ ਸਮੇਂ-ਸਮੇਂ ਸਹਾਇਤਾ ਕੀਤੀ ਜਾ ਰਹੀ, ਜਿਸ ਤਹਿਤ ਸਮੇਂ ਸਮੇਂ ਮੈਡੀਕਲ ਕੈਂਪ, ਖੂਨਦਾਨ ਕੈਂਪ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ | ਅਸੀਂ ਸਮੂਹ ਸੰਗਤ ਵਲੋਂ ਸੰਪਰਦਾਇ ਵਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਵੇਖਦੇ ਹੋਏ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕਰ ਰਹੇ ਹਾਂ |