ਅੰਮਿ੍ਤਸਰ, 14 ਅਪ੍ਰੈਲ (ਹਰਮਿੰਦਰ ਸਿੰਘ)- ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਂ ਵਾਲਾ ਡੰਪ ਵਿਖੇ ਈਕੋ ਸਟੈਨ ਕੰਪਨੀ ਵਲੋਂ ਕੀਤੇ ਜਾ ਰਹੇ ਕੂੜੇ ਦੀ ਛਾਂਟ ਅਤੇ ਨਿਪਟਾਰੇ ਦੇ ਕੰਮ ਦਾ ਜਾਇਜ਼ਾ ਲਿਆ | ਇਸ ਦੌਰਾਨ ਕੰਪਨੀ ਨੇ ਕਮਿਸ਼ਨਰ ਨੂੰ ਕੰਮ ਸਬੰਧੀ ਤਾਜ਼ਾ ੇ ਜਾਣਕਾਰੀ ਦਿੰਦੇ ਦੱਸਿਆ ਕਿ 31 ਮਾਰਚ 2026 ਤੱਕ ਕੁੱਲ 3,57,907 ਮੈਟਰਿਕ ਟਨ ਪੁਰਾਣੇ ਕੂੜੇ ਦੀ ਬਾਇਓਰੈਮੀਡੇਸ਼ਨ ਕੀਤੀ ਗਈ ਅਤੇ ਇਹ ਕੂੜਾ ਨਿਪਟਾਇਆ ਜਾ ਚੁੱਕਾ ਹੈ | ਇਸ ਤੋਂ ਇਲਾਵਾ, 1 ਅਪ੍ਰੈਲ ਤੋਂ 12 ਅਪ੍ਰੈਲ 2026 ਤੱਕ ਲਗਭਗ 36,173 ਮੈਟਰਿਕ ਟਨ ਕੂੜੇ ਦੀ ਬਾਇਓਰੈਮੀਡੇਸ਼ਨ ਕੀਤੀ ਗਈ ਹੈ | ਇਸ ਨਾਲ ਹੁਣ ਤੱਕ ਕੁੱਲ ਲਗਭਗ 4,94,600 ਮੈਟਰਿਕ ਟਨ ਕੂੜੇ ਦੀ ਪ੍ਰੋਸੈਸਿੰਗ ਹੋ ਚੁੱਕੀ ਹੈ, ਜਿਸ ਵਿਚੋਂ ਕਰੀਬ 3,94,080 ਮੈਟਰਿਕ ਟਨ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਗਿਆ ਹੈ | ਇਸ ਪ੍ਰੋਜੈਕਟ ਵਿਚ ਰੋਜ਼ਾਨਾ ਪ੍ਰੋਸੈਸਿੰਗ ਸਮਰੱਥਾ ਵਿਚ ਵੀ ਵਾਧਾ ਹੋਇਆ ਹੈ ਅਤੇ ਕਈ ਦਿਨਾਂ ਵਿਚ 4,000 ਮੈਟਰਿਕ ਟਨ ਤੋਂ ਵੱਧ ਕਚਰੇ ਦਾ ਨਿਪਟਾਰਾ ਦਰਜ ਕੀਤਾ ਗਿਆ ਹੈ | ਜਾਇਜ਼ੇ ਦੌਰਾਨ ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਈਕੋ ਸਟੈਨ ਕੰਪਨੀ ਨੂੰ ਕੰਮ ਨੂੰ ਤੇਜ਼ ਕਰਨ ਲਈ ਯੋਗ ਮਨੁੱਖੀ ਸੰਸਾਧਨ ਅਤੇ ਮਸ਼ੀਨਰੀ ਤਾਇਨਾਤ ਕਰਨ ਦੀਆਂ ਹਦਾਇਤਾਂ ਕਰਦੇ ਹੋਏ ਕਿਹਾ ਕਿ ਇਸ ਦੇ ਨਾਲ ਨਿਰਧਾਰਿਤ ਸਮੇਂ ਅੰਦਰ ਡੰਪ ਨੂੰ ਪੂਰੀ ਤਰ੍ਹਾਂ ਕੂੜਾ ਮੁਕਤ ਕੀਤਾ ਜਾ ਸਕੇ | ਉਨ੍ਹਾਂ ਨੇ ਜ਼ੋਰ ਦਿੱਤਾ ਕਿ ਵਾਤਾਵਰਣ ਸੁਰੱਖਿਆ, ਜਨ ਸਿਹਤ ਅਤੇ ਲੰਬੇ ਸਮੇਂ ਦੇ ਠੋਸ ਕੂੜਾ ਪ੍ਰਬੰਧਨ ਨੂੰ ਧਿਆਨ ਵਿਚ ਰੱਖਦਿਆਂ ਇਸ ਪ੍ਰੋਜੈਕਟ ਦਾ ਸਮੇਂ ਸਿਰ ਪੂਰਾ ਹੋਣਾ ਸਭ ਤੋਂ ਵੱਡੀ ਤਰਜੀਹ ਹੈ | ਈਕੋ ਸਟੈਨ ਕੰਪਨੀ ਦੇ ਪ੍ਰਤੀਨਿਧੀਆਂ ਨੇ ਭਰੋਸਾ ਦਿੱਤਾ ਕਿ ਕੰਮ ਨਿਰਧਾਰਿਤ ਸਮਾਂਸੂਚੀ ਅਨੁਸਾਰ ਚੱਲ ਰਿਹਾ ਹੈ ਅਤੇ ਸਮੇਂ ਅੰਦਰ ਪ੍ਰੋਜੈਕਟ ਪੂਰਾ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ | ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਅੰਮਿ੍ਤਸਰ ਇਸ ਪ੍ਰੋਜੈਕਟ ਦੀ ਨਜ਼ਦੀਕੀ ਨਿਗਰਾਨੀ ਕਰ ਰਿਹਾ ਹੈ ਅਤੇ ਪੁਰਾਣੇ ਕੂੜੇ ਦੇ ਵਿਗਿਆਨਕ ਅਤੇ ਟਿਕਾਊ ਪ੍ਰਬੰਧਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ 'ਤੇ ਚਲ ਰਹੇ ਕੰਮ ਦਾ ਜਾਇਜ਼ਾ ਲਿਆ <br/>
ਅਜੀਤ ਡੈਸਕ
15-04-2026