20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪਿੰਗਲਵਾੜਾ ਸੰਸਥਾ ਨੇ ਸਿਆਸੀ ਦਲਾਂ ਨੂੰ 2027 ਦੇ ਚੋਣ ਮੈਨੀਫੈਸਟੋ ਵਿਚ ਵਾਤਾਵਰਨ ਦੇ ਮੁੱਦੇ ਨੂੰ ਅਹਿਮ ਜਗ੍ਹਾ ਦੇਣ ਦੀ ਮੰਗ ਉਠਾਈ

ਅਜੀਤ ਡੈਸਕ 31-03-2026
ਸੰਗਰੂਰ, 30 ਮਾਰਚ (ਸੁਖਵਿੰਦਰ ਸਿੰਘ ਫੁੱਲ)-ਭਗਤ ਪੂਰਨ ਸਿੰਘ ਵਲੋਂ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸਥਾਪਤ ਪਿੰਗਲਵਾੜਾ ਦੀ ਸੰਗਰੂਰ ਬਰਾਂਚ ਦੇ 26ਵੇਂ ਸਥਾਪਨਾ ਦਿਵਸ ਸਮਾਰੋਹ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਸੰਸਥਾ ਦੇ ਸੰਚਾਲਕ ਡਾ. ਬੀਬੀ ਇੰਦਰਜੀਤ ਕੌਰ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਆਪੋ ਆਪਣੇ ਚੋਣ ਮੈਨੀਫੈਸਟੋ ਵਿਚ ਪੰਜਾਬ ਦੇ ਵਿਗੜ ਚੁਕੇ ਵਾਤਾਵਰਨ ਨੂੰ ਸੁਧਾਰਨ ਲਈ ਦਿੱਤੀ ਜਾ ਰਹੀ ਜਗ੍ਹਾ ਬਾਰੇ ਸਪਸ਼ਟੀਕਰਨ ਦੇਣ ਬਾਰੇ ਕਿਹਾ ਹੈ | ਉਨ੍ਹਾਂ ਕਿਹਾ ਕਿ ਹਾਕਮਾਂ ਨੇ ਸਨਅਤਕਾਰਾਂ ਦੇ ਹਿਤਾਂ ਦੀ ਰਾਖੀ ਲਈ ਕੈਦ ਦੀ ਸਜ਼ਾ ਦੀ ਥਾਂ ਕੇਵਲ ਜੁਰਮਾਨੇ ਦਾ ਕਾਨੂੰਨ ਬਣਾ ਦਿੱਤਾ ਹੈ | ਇਸ ਨਾਲ ਸਨਅਤਕਾਰਾਂ ਨੂੰ ਕੋਈ ਫ਼ਰਕ ਨਹੀਂ ਪਵੇਗਾ ਕਿਉਂਕਿ ਉਨ੍ਹਾਂ ਨੇ ਜੁਰਮਾਨਾ ਭਰ ਕੇ ਕੰਮ ਚਲਾ ਲੈਣਾ ਹੈ | ਫ਼ਰਕ ਆਮ ਲੋਕਾਂ ਨੂੰ ਪੈਣਾ ਹੈ ਜਿਨ੍ਹਾਂ ਨੂੰ ਦੂਸ਼ਿਤ ਪਾਣੀ, ਦੂਸ਼ਿਤ ਹਵਾ ਸਹਿਣ ਕਰਨੀ ਪੈਣੀ ਹੈ | ਸੁਰਿੰਦਰਪਾਲ ਸਿੰਘ ਸਿਦਕੀ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਨਾਮਵਰ ਵਿਦਵਾਨ ਅਤੇ ਚਿੰਤਕ ਡਾ. ਸਵਰਾਜਬੀਰ ਸਿੰਘ ਨੇ ਕਿਹਾ ਕਿ ਕਾਰਪੋਰੇਟ ਮਾਡਲ ਅੱਜ ਕਿਰਤੀਆਂ ਨੂੰ ਕੰਗਾਲ ਕਰ ਰਿਹਾ ਹੈ | ਵਾਤਾਵਰਨ ਚਿੰਤਕ ਡਾ. ਹਮੀਰ ਸਿੰਘ ਨੇ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਨੂੰ ਅਪਣਾਉਂਦੇ ਹੋਏ ਮਨੁੱਖ ਹੀ ਕੁਦਰਤ ਦੇ ਸਰੋਤਾਂ ਨਾਲ ਖਿਲਵਾੜ ਕਰ ਰਿਹਾ ਹੈ | ਅਮਿਤੋਜ ਮਾਨ ਨੇ ਕਿਹਾ ਕਿ ਪਾਣੀ ਦਾ ਪੱਧਰ ਬਹੁਤ ਨੀਵਾਂ ਹੋਣਾ ਸਾਡੇ ਲਈ ਗੰਭੀਰ ਚੁਣੌਤੀ ਹੈ | ਜੋ ਪਾਣੀ ਅਸੀਂ ਪੀ ਰਹੇ ਹਾਂ ਉਸ 'ਚ ਯੂਰੇਨੀਅਮ ਮਿਲਿਆ ਹੋਇਆ ਹੈ, ਜਿਸ ਕਾਰਨ ਘਰ ਘਰ ਕੈਂਸਰ ਦਾ ਰੋਗ ਪਹੁੰਚ ਰਿਹਾ ਹੈ | ਡਾ. ਏ.ਐਸ. ਮਾਨ ਨੇ ਜੈਵਿਕ ਖੇਤੀ ਦੀ ਲੋੜ 'ਤੇ ਜ਼ੋਰ ਦਿੱਤਾ | ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ ਨੇ ਪੱਛਮੀ ਏਸ਼ੀਆ ਵਿਚ ਚੱਲ ਰਹੇ ਯੁੱਧ ਦੇ ਸਮੁੱਚੇ ਵਾਤਾਵਰਨ 'ਤੇ ਪੈਣ ਵਾਲੇ ਦੂਰਗਾਮੀ ਨਤੀਜਿਆਂ ਤੋਂ ਸੁਚੇਤ ਕੀਤਾ | ਸੰਗਰੂਰ ਵਿਚ ਰੁੱਖ ਲਗਾਓ ਮੁਹਿੰਮ ਦੇ ਸੰਚਾਲਕ ਰੌਸ਼ਨ ਗਰਗ ਨੇ ਪਿੰਗਲਵਾੜਾ ਵਲੋਂ ਵਾਤਾਵਰਨ ਬਚਾਉਣ ਲਈ ਉਠਾਈ ਆਵਾਜ਼ ਦੀ ਸ਼ਲਾਘਾ ਕੀਤੀ | ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵਾਤਾਵਰਨ ਸਬੰਧੀ ਕਾਨੂੰਨ ਬਾਰੇ ਸਬੰਧਿਤ ਮੰਤਰੀ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਭਰੋਸਾ ਦਿਵਾਇਆ | ਪਿੰਗਲਵਾੜਾ ਵਲੋਂ ਨਵੀਆਂ ਪ੍ਰਕਾਸ਼ਿਤ ਪੁਸਤਕਾਂ ਨੂੰ ਲੋਕ ਅਰਪਣ ਦੀ ਰਸਮ ਡਾ. ਬੀਬੀ ਇੰਦਰਜੀਤ ਕੌਰ, ਵਿਧਾਇਕਾ ਨਰਿੰਦਰ ਕੌਰ ਭਰਾਜ, ਜੈ ਸਿੰਘ, ਮੁਖਤਿਆਰ ਸਿੰਘ, ਜਗਦੀਪਕ ਸਿੰਘ, ਗੁਰਪ੍ਰੀਤ ਕੌਰ, ਜਗਜੀਵਨ ਸਿੰਘ ਕੈਨੇਡਾ, ਬੀਬੀ ਜਸਵੀਰ ਕੌਰ ਮੰਡੇਰ, ਦਲਵਿੰਦਰ ਸਿੰਘ, ਸਤਨਾਮ ਸਿੰਘ ਦਮਦਮੀ, ਜਸਪਾਲ ਸਿੰਘ ਕੁਠਾਲਾ, ਓ.ਪੀ ਅਰੋੜਾ, ਨਾਜ਼ਰ ਸਿੰਘ ਬਡਰੁੱਖਾਂ ਅਤੇ ਕੁਲਵੰਤ ਸਿੰਘ ਕਸ਼ਕ ਨੇ ਅਦਾ ਕੀਤੀ ਅਤੇ ਨਾਮਵਰ ਲੇਖਕ ਮੋਹਨ ਸ਼ਰਮਾ ਨੰੂ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਬਾਬੂ ਪ੍ਰਕਾਸ਼ ਚੰਦ ਗਰਗ, ਜਤਿੰਦਰ ਕਾਲੜਾ, ਸਰਜੀਵਨ ਜਿੰਦਲ, ਸਤਵੰਤ ਸਿੰਘ ਪੂਨੀਆ, ਚਮਨਦੀਪ ਸਿੰਘ ਮਿਲਖੀ, ਰਾਜ ਕੁਮਾਰ ਅਰੋੜਾ, ਰਜਿੰਦਰ ਸਿੰਘ ਚੰਗਾਲ, ਭੁਪਿੰਦਰ ਸਿੰਘ ਗਰੇਵਾਲ, ਪ੍ਰੋ. ਸੰਤੋਖ ਕੌਰ, ਪਿ੍ੰ. ਰਜਿੰਦਰ ਸਿੰਘ ਬਾਜਵਾ, ਮੋਹਨ ਸਿੰਘ ਮਲੇਰਕੋਟਲਾ, ਕਮਲ ਅਨੰਦ ਐਡਵੋਕੇਟ, ਡਾ. ਪਰਮਿੰਦਰ ਕੌਰ, ਡਾ. ਅਮਨਪ੍ਰੀਤ ਕੌਰ, ਦਵਿੰਦਰ ਸਿੰਘ, ਮੇਜਰ ਸਿੰਘ ਮਸਾਣੀ, ਸੁਰਜੀਤ ਸਿੰਘ ਫਤਹਿਗੜ੍ਹ ਭਾਦਸੋਂ, ਡਾ. ਇੰਦਰਮਨਜੋਤ ਕੌਰ, ਡਾ. ਇੰਦਰਮਨਜੋਤ ਸਿੰਘ, ਡਾ. ਨਿਰਮਲ ਸਿੰਘ, ਸੁਖਵਿੰਦਰ ਸਿੰਘ ਬਬਲਾ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ | ਇਸ ਤੋਂ ਪਹਿਲਾਂ ਰਾਜਵਿੰਦਰ ਸਿੰਘ ਲੱਕੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸਜਾਈ ਸਟੇਜ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਕੀਤੇ ਗਏ ਅਤੇ ਸੁਰਿੰਦਰਪਾਲ ਸਿੰਘ ਸਿਦਕੀ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਨਰਿੰਦਰਪਾਲ ਸਿੰਘ ਸਾਹਨੀ ਐਡਵੋਕੇਟ ਨੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਪਿੰਗਲਵਾੜਾ ਸੰਸਥਾ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਨਿਊਜ਼ੀਲੈਂਡ ਦੇ ਧੜਾ-ਧੜ ਵੀਜ਼ੇ ਲਗਵਾ ਰਹੇ ਹਨ ਗੈਵੀ ਕਲੇਰ ਅਗਲੀ ਖ਼ਬਰ ਪਾਕਿ ਦੇ ਬੰਨੂ ਅਤੇ ਵਜ਼ੀਰਸਤਾਨ 'ਚ ਭਾਰੀ ਮੀਂਹ ਕਾਰਨ 14 ਦੀ ਮੌਤ, 76 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।