ਅੰਮਿ੍ਤਸਰ, 30 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ (ਪੀ. ਡੀ. ਐੱਮ. ਏ.) ਦੀ ਮੁੱਢਲੀ ਰਿਪੋਰਟ ਦੇ ਅਨੁਸਾਰ ਬੰਨੂ ਅਤੇ ਗੁਆਂਢੀ ਜ਼ਿਲਿ੍ਹਆਂ 'ਚ ਭਾਰੀ ਮੀਂਹ ਨੇ ਵਿਆਪਕ ਤਬਾਹੀ ਮਚਾਈ ਹੈ, ਜਿਸ 'ਚ ਘੱਟੋ-ਘੱਟ 14 ਲੋਕ ਮਾਰੇ ਗਏ ਅਤੇ 76 ਜ਼ਖ਼ਮੀ ਹੋਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਬੰਨੂ 'ਚ ਭਾਰੀ ਮੀਂਹ ਕਾਰਨ ਕਈ ਘਰਾਂ ਦੀਆਂ ਛੱਤਾਂ ਡਿਗ ਗਈਆਂ, ਜਿਸ ਦੇ ਨਤੀਜੇ ਵਜੋਂ 9 ਮੌਤਾਂ ਅਤੇ 40 ਜ਼ਖ਼ਮੀ ਹੋਏ | ਕਈ ਪ੍ਰਭਾਵਿਤ ਇਲਾਕਿਆਂ 'ਚ ਗੰਭੀਰ ਢਾਂਚਾਗਤ ਨੁਕਸਾਨ ਦੀ ਰਿਪੋਰਟ ਆਈ ਹੈ, ਜਿਸ ਵਿਚ ਐਮਰਜੈਂਸੀ ਟੀਮਾਂ ਫਸੇ ਹੋਏ ਨਿਵਾਸੀਆਂ ਨੂੰ ਬਚਾਉਣ ਲਈ ਪਹੁੰਚੀਆਂ ਹਨ | ਕੋਟਕਾ ਗ਼ੁਲਾਮ ਕਾਦਿਰ 'ਚ ਇਕ ਵਰਾਂਡਾ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖ਼ਮੀ ਹੋ ਗਏ | ਪੀ. ਡੀ. ਐੱਮ. ਏ. ਦੀਆਂ ਟੀਮਾਂ ਨੇ ਬਚਾਅ ਕਾਰਜਾਂ ਦੌਰਾਨ ਮਲਬੇ ਹੇਠ ਫਸੇ ਲੋਕਾਂ ਨੂੰ ਕੱਢਣ 'ਚ ਮਦਦ ਕੀਤੀ ਅਤੇ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ | ਵਾਕਾਈ ਮਾਮਾਖੇਲ 'ਚ ਛੱਤ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ ਅਤੇ ਇਕ ਜ਼ਖ਼ਮੀ ਹੋਇਆ | ਸ਼ਾਮਦੀ ਕਲਾ ਮੰਡੀ 'ਚ ਵੀ ਛੱਤ ਡਿੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ | ਪੀ. ਡੀ. ਐੱਮ. ਏ. ਦੀ ਮੁੱਢਲੀ ਰਿਪੋਰਟ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਸੂਬੇ 'ਚ 31 ਮਾਰਚ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਉਮੀਦ ਹੈ |