ਅੰਮਿ੍ਤਸਰ, 30 ਮਾਰਚ (ਸਟਾਫ ਰਿਪੋਰਟਰ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਆਪਣੇ ਜੰਮੂ ਦੌਰੇ ਦੌਰਾਨ ਰਾਜੌਰੀ ਖੇਤਰ ਦੇ ਬਥੂਨੀ ਪਿੰਡ ਵਿਖੇ ਸਥਾਨਕ ਸੰਗਤ ਵਲੋਂ ਉਸਾਰੇ ਗਏ ਗੁਰਦੁਆਰਾ ਯਾਦਗਾਰ ਭਾਈ ਮੱਖਣ ਸ਼ਾਹ ਜੀ ਲੁਬਾਣਾ ਦੀ ਨਵੀਂ ਇਮਾਰਤ ਦਾ ਅਰਦਾਸ ਉਪਰੰਤ ਉਦਘਾਟਨ ਕੀਤਾ ਗਿਆ | ਇਸ ਮੌਕੇ ਉਕਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਨੌਜਵਾਨ ਸਭਾ ਜੰਮੂ ਕਸ਼ਮੀਰ ਵਲੋਂ ਸਾਂਝੇ ਤੌਰ 'ਤੇ 'ਖ਼ੁਆਰ ਹੋਏ ਸਭ ਮਿਲੈਂਗੇ' ਲਹਿਰ ਤਹਿਤ ਬਥੂਨੀ ਪਿੰਡ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀ ਸਿੱਖ ਸੰਗਤ ਨੇ ਭਰਵੀਂ ਸ਼ਮੂਲੀਅਤ ਕੀਤੀ | ਗੁਰਮਤਿ ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੌਕੀਨ ਸਿੰਘ ਦੇ ਰਾਗੀ ਜਥੇ ਨੇ ਰਸਭਿੰਨਾ ਕੀਰਤਨ ਕੀਤਾ | ਇਸ ਤੋਂ ਪਹਿਲਾਂ ਜਥੇਦਾਰ ਗੜਗੱਜ ਦੇ ਐਤਵਾਰ ਰਾਤ ਪਿੰਡ ਬਥੂਨੀ ਪੁੱਜਣ 'ਤੇ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਨਿੱਘਾ ਸਵਾਗਤ ਕੀਤਾ | ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਇਲਾਕੇ 'ਚ ਵੱਡੀ ਗਿਣਤੀ ਵਿਚ ਸਿੱਖ ਵਸੋਂ ਮੌਜੂਦ ਹੈ | ਸੰਨ 1947- 48 ਵਿਚ ਇੱਥੇ ਕਬਾਇਲੀਆਂ ਨੇ ਹਮਲਾ ਕੀਤਾ ਸੀ, ਉਦੋਂ ਸੈਂਕੜੇ ਸਿੱਖ ਆਪਣੇ ਇਲਾਕੇ ਅਤੇ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ | ਉਨ੍ਹਾਂ ਕਿਹਾ ਕਿ ਭਾਵੇਂ ਸਿੱਖ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਵੱਸਦੇ ਹਨ ਪ੍ਰੰਤੂ ਉਹ ਇਕ ਪਰਿਵਾਰ ਹਨ | ਉਨ੍ਹਾਂ ਇਲਾਕੇ ਦੀ ਸਿੱਖ ਸੰਗਤ ਨੂੰ ਆਪਸ ਵਿਚ ਮਿਲਜੁਲ ਕੇ ਤੇ ਚੜ੍ਹਦੀ ਕਲਾ ਨਾਲ ਰਹਿਣ ਲਈ ਪ੍ਰੇਰਨਾ ਕੀਤੀ | ਇਸ ਮੌਕੇ ਪ੍ਰਬੰਧਕਾਂ ਵਲੋਂ ਜਥੇ: ਗੜਗੱਜ ਨੂੰ ਸਨਮਾਨਿਤ ਵੀ ਕੀਤਾ ਗਿਆ |