ਸੁਲਤਾਨਵਿੰਡ, 17 ਫਰਵਰੀ (ਗੁਰਨਾਮ ਸਿੰਘ ਬੁੱਟਰ)-ਵਿਧਾਨ ਸਭਾ ਹਲਕਾ ਅੰਮਿ੍ਤਸਰ (ਦੱਖਣੀ) ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵਲੋਂ ਪਿੰਡ ਸੁਲਤਾਨਵਿੰਡ, ਵਾਰਡ ਨੰਬਰ 37 ਦੇ ਇਲਾਕਾ ਵਾਸੀਆਂ ਨਾਲ ਮੀਟਿੰਗ ਕਰਕੇ ਵਾਰਡ ਵਿਚ ਚੱਲ ਰਹੇ ਢਾਂਚਾਗਤ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੌਕੇ ਇਲਾਕਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਅੰਮਿ੍ਤਸਰ ਦੱਖਣੀ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਸ ਨੂੰ ਵਿਕਾਸ ਵਰ੍ਹੇ ਵਜੋਂ ਮਨਾਉਂਦਿਆਂ ਹਲਕੇ ਵਿਚ ਵਿਕਾਸ ਦੇ ਨਵੇਂ ਅਯਾਮ ਕਾਇਮ ਕੀਤੇ ਜਾਣਗੇ | ਡਾ. ਨਿੱਝਰ ਨੇ ਕਿਹਾ ਕਿ ਗੁਰੂ ਨਗਰੀ ਅੰਮਿ੍ਤਸਰ ਪੂਰੀ ਦੁਨੀਆਂ ਵਿਚ ਆਪਣੀ ਖਾਸ ਥਾਂ ਰੱਖਦੀ ਹੈ ਅਤੇ ਦੁਨੀਆਂ ਭਰ ਵਿਚੋਂ ਸ਼ਰਧਾਲੂ ਏਥੇ ਆਪਣੀ ਅਕੀਦਤ ਭੇਟ ਕਰਨ ਆਉਂਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਵਸਨੀਕਾਂ ਲਈ ਸਾਰੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਇਹ ਯਤਨ ਵੀ ਕੀਤੇ ਜਾ ਰਹੇ ਹਨ ਕਿ ਇਸ ਸ਼ਹਿਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਹੋਵੇ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਅਤੇ ਨਗਰ ਨਿਗਮ ਦੀਆਂ ਟੀਮਾਂ ਇਸ ਕੰਮ ਉੱਪਰ ਲੱਗੀਆਂ ਹੋਈਆਂ ਹਨ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸ਼ਹਿਰ ਦੀ ਸਫ਼ਾਈ ਰੱਖਣ ਵਿਚ ਆਪਣਾ ਮੋਹਰੀ ਯੋਗਦਾਨ ਪਾਉਣ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਬਜਟ ਵਿਚ ਸੂਬੇ ਦੇ ਵਿਕਾਸ ਲਈ ਹੋਰ ਵੀ ਫੰਡ ਰੱਖੇ ਜਾਣਗੇ ਅਤੇ ਜਿਹੜੇ ਵਿਕਾਸ ਕਾਰਜ ਰਹਿ ਗਏ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ | ਮੀਟਿੰਗ ਦੌਰਾਨ ਇਲਾਕੇ ਦੇ ਲੋਕਾਂ ਨੇ ਡਾ. ਨਿੱਝਰ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ, ਜਿਸ 'ਤੇ ਡਾ. ਨਿੱਜਰ ਨੇ ਹਲਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਲਾਕੇ ਦੇ ਵਿਕਾਸ ਸੰਬੰਧੀ ਉਨ੍ਹਾਂ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ | ਇਸ ਮੌਕੇ ਅੰਮਿ੍ਤਸਰ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਰਿੰਕੂ, ਗੁਰਜੰਟ ਸਿੰਘ ਚਿੰਟੂ, ਗੁਰਜੰਟ ਸਿੰਘ ਸ਼ਾਹ, ਨਵਨੀਤ ਕੁਮਾਰ, ਹਿੰਮਤਜੀਤ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ |