ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਸ਼ਹਿਰ ਦੇ ਭੀੜ ਭਾੜ ਵਾਲੇ ਖੇਤਰ 'ਚ ਮੌਜੂਦ ਸ਼ਹੀਦ ਮਦਨ ਲਾਲ ਢੀਂਗਰਾ ਆਈ. ਐੱਸ. ਬੀ. ਟੀ. (ਇੰਟਰ ਸਟੇਟ ਬੱਸ ਟਰਮੀਨਲ) ਅੰਮਿ੍ਤਸਰ ਨੂੰ ਸ਼ਹਿਰ ਦੇ ਬਾਹਰਵਾਰ ਵਲ੍ਹਾ ਵਿਖੇ ਤਬਦੀਲ ਕੀਤੇ ਜਾਣ ਦੀ ਯੋਜਨਾ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਸਿਰੇ ਨਹੀਂ ਚੜ੍ਹ ਸਕੀ ਹੈ | ਆਲਮ ਇਹ ਹੈ ਕਿ ਤਤਕਾਲੀ ਸੂਬਾ ਸਰਕਾਰ ਵਲੋਂ ਮਨਜ਼ੂਰੀ ਮਿਲਣ ਦੇ ਲੰਬੇ ਸਮੇਂ ਬਾਅਦ ਵੀ ਬੱਸ ਸਟੈਂਡ ਨੂੰ ਵਲ੍ਹਾ ਵਿਖੇ ਤਬਦੀਲ ਕਰਨ ਦਾ ਮਾਮਲਾ ਅੱਧ ਵਿਚਾਲੇ ਲਟਕਿਆ ਹੋਇਆ ਹੈ | ਹਾਲਾਂਕਿ, ਅੰਮਿ੍ਤਸਰ ਪੂਰਬੀ ਹਲਕੇ ਦੇ ਵਿਧਾਇਕ ਡਾ: ਜੀਵਨਜੋਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਟ੍ਰੈਫਿਕ ਸਮੱਸਿਆ ਦੇ ਹਲ ਲਈ ਬੱਸ ਅੱਡੇ ਨੂੰ ਵਲ੍ਹਾ ਵਿਖੇ ਤਬਦੀਲ ਕਰਵਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਪ੍ਰੋਜੈਕਟ ਸੂਬਾ ਸਰਕਾਰ ਦੇ ਵਿਚਾਰ ਅਧੀਨ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਬੱਸ ਅੱਡੇ ਦੇ ਸ਼ਹਿਰੀ ਆਬਾਦੀ 'ਚ ਹੋਣ ਕਾਰਨ ਆਸ-ਪਾਸ ਦੇ ਇਲਾਕਿਆਂ 'ਚ ਸਾਰਾ ਦਿਨ ਵਾਹਨਾਂ ਦੀ ਆਵਾਜਾਈ ਬਣੀ ਰਹਿੰਦੀ ਹੈ, ਜਦਕਿ ਬੱਸ ਅੱਡੇ ਦੇ ਇੱਥੋਂ ਤਬਦੀਲ ਹੋਣ ਨਾਲ ਨਾ ਸਿਰਫ਼ ਸ਼ਹਿਰ 'ਚ ਲੱਗਣ ਵਾਲੇ ਟ੍ਰੈਫਿਕ ਜਾਮ ਦਾ ਮਸਲਾ ਹੱਲ ਹੋਵੇਗਾ ਬਲਕਿ ਸਿਟੀ ਬੱਸ ਸਰਵਿਸ ਸਕੀਮ ਅਧੀਨ ਚੱਲਣ ਵਾਲੀਆਂ ਬੱਸਾਂ ਲਈ ਜਗ੍ਹਾ ਵੀ ਮਿਲ ਜਾਵੇਗੀ | ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਬੱਸ ਅੱਡੇ ਨੂੰ ਟ੍ਰੈਫਿਕ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਸ਼ਹਿਰ ਤੋਂ ਬਾਹਰ ਸ਼ਿਫ਼ਟ ਕਰਨਾ ਉਨ੍ਹਾਂ ਦੇ ਪ੍ਰੋਜੈਕਟਾਂ 'ਚ ਪ੍ਰਮੁੱਖਤਾ ਨਾਲ ਸ਼ਾਮਿਲ ਹੈ | ਐੱਮ. ਐੱਲ. ਏ. ਡਾ: ਜੀਵਨਜੋਤ ਕੌਰ ਨੇ ਨਾਲ ਹੀ ਇਹ ਵੀ ਕਿਹਾ ਕਿ ਸ਼ਹਿਰੀ ਇਲਾਕੇ 'ਚ ਬੱਸ ਸਟੈਂਡ ਦੀ ਮੌਜੂਦਗੀ ਦੇ ਬਾਵਜੂਦ ਟ੍ਰੈਫਿਕ ਪੁਲਿਸ ਵਲੋਂ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਅਤੇ ਸ਼ਹਿਰ 'ਚ ਕੀਤੇ ਥਾਂ-ਥਾਂ ਕੀਤੇ ਕਬਜ਼ਿਆਂ 'ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਅਤੇ ਟ੍ਰੈਫਿਕ 'ਚ ਸੁਧਾਰ ਲਈ ਲਗਾਤਾਰ ਹੋਰ ਵੀ ਯਤਨ ਕੀਤੇ ਜਾ ਰਹੇ ਹਨ | ਦੂਜੇ ਪਾਸੇ, ਸਮਾਜਿਕ ਕਾਰਕੁਨ ਇੰਜ. ਪਵਨ ਸ਼ਰਮਾ ਤੇ ਨਰੇਸ਼ ਜੌਹਰ ਨੇ ਇਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2016 'ਚ ਉਕਤ ਖੇਤਰ 'ਚੋਂ ਬੱਸ ਅੱਡੇ ਨੂੰ ਤਬਦੀਲ ਕਰਨ ਦੀ ਫਾਈਲ ਮਨਜ਼ੂਰ ਹੋ ਗਈ ਸੀ, ਪਰ ਫਿਰ ਸਾਲ 2017 'ਚ ਪੰਜਾਬ 'ਚ ਬਣੀ ਕਾਂਗਰਸ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਨੇ ਕਿਹਾ ਕਿ ਸਿਆਸੀ ਅੜਚਣਾਂ ਕਰਕੇ ਅਜੇ ਤੱਕ ਇਸ ਪ੍ਰੋਜੈਕਟ ਨੂੰ ਬੁਰ ਨਹੀਂ ਪੈ ਸਕਿਆ ਹੈ | ਉਨ੍ਹਾਂ ਨਾਲ ਹੀ ਇਹ ਵੀ ਤਰਕ ਦਿੱਤਾ ਕਿ ਬੱਸ ਅੱਡੇ ਨੂੰ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ 'ਚੋਂ ਬਾਹਰੀ ਖੇਤਰ 'ਚ ਤਬਦੀਲ ਕਰਨ ਨਾਲ ਆਵਾਜਾਈ ਦੇ ਨਾਲ-ਨਾਲ ਪ੍ਰਦੂਸ਼ਣ 'ਚ ਵੀ ਫ਼ਰਕ ਪਵੇਗਾ |