ਕੂੜੇ ਦੀ ਚੁਕਾਈ ਨੂੰ ਲੈ ਕੇ ਕੀਤੇ ਜਾਣ ਵਾਲੇ ਦਾਅਵਿਆਂ ਦੀ ਨਿਕਲੀ ਹਵਾ
ਅਜੀਤ ਡੈਸਕ
30-01-2026
ਅੰਮਿ੍ਤਸਰ ਦੀਆਂ ਸਾਰੀਆਂ 85 ਵਾਰਡਾਂ 'ਚੋਂ ਕੂੜੇ ਦੀ ਚੁਕਾਈ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ ਅਤੇ ਨਗਰ ਨਿਗਮ ਵਲੋਂ ਸਤੰਬਰ ਮਹੀਨੇ ਵਿਚ ਕੂੜੇ ਦੀ ਚੁਕਾਈ ਦਾ ਕੰਮ ਨਿੱਜੀ ਕੰਪਨੀ ਨੂੰ ਸੌਂਪਿਆ ਗਿਆ ਹੈ | ਉਕਤ ਕੰਪਨੀ ਵਲੋਂ ਸ਼ਹਿਰ ਦੀਆਂ ਸੜਕਾਂ ਤੋਂ ਕੂੜੇ ਦੀ ਚੁਕਾਈ ਲਈ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਜਨਵਰੀ ਮਹੀਨੇ ਵਿਚ ਸ਼ਹਿਰ ਦੇ ਹਰ ਘਰ 'ਚੋਂ ਕੂੜਾ ਚੁੱਕਣ ਲਈ ਆਪਣੀ ਮਸ਼ੀਨਰੀ ਪੂਰਾ ਤਰ੍ਹਾਂ ਨਾਲ ਲਗਾਉਣ ਦਾ ਵਾਅਦਾ ਕੀਤਾ ਜਾ ਰਿਹਾ ਸੀ | ਸ਼ਹਿਰ ਵਿਚ ਅਜੇ ਵੀ ਬਹੁਤ ਸਾਰੇ ਹਿੱਸੇ ਅਜਿਹੇ ਹਨ ਜਿਥੇ ਅਜੇ ਵੀ ਕੰਪਨੀ ਦੀਆਂ ਗੱਡੀਆਂ ਪੂਰੀ ਤਰ੍ਹਾਂ ਨਾਲ ਨਹੀਂ ਜਾ ਰਹੀਆਂ | ਜਿਸ ਕਾਰਨ ਕਈ ਚੌਕਾਂ, ਮੁਹੱਲਿਆਂ ਅਤੇ ਘਰਾਂ ਵਿਚ ਅਜੇ ਵੀ ਕੂੜਾ ਜਮ੍ਹਾ ਹੋ ਰਿਹਾ ਹੈ | ਉਕਤ ਕੰਪਨੀ ਵਲੋਂ ਜ਼ਰੂਰਤ ਅਨੁਸਾਰ 300 ਤੋਂ ਵਧੇਰੇ ਗੱਡੀਆਂ ਸ਼ਹਿਰ 'ਚ ਕੂੜੇ ਦੀ ਚੁਕਾਈ ਲਈ ਉਤਰਾਈਆਂ ਜਾਣੀਆਂ ਪਤਾ ਲੱਗਾ ਹੈ ਕਿ ਅਜੇ ਤੱਕ ਕੰਪਨੀ ਵਲੋਂ ਅਜੇ ਤੱਕ ਅੱਧੀਆਂ ਗੱਡੀਆਂ ਹੀ ਮੁਹੱਈਆ ਕਰਵਾਈਆਂ ਗਈਆਂ ਹਨ | ਇਸ ਸੰਬੰਧ ਵਿਚ ਕੰਪਨੀ ਅਧਿਕਾਰੀ ਰਾਜੀਵ ਅਰੋੜਾ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਚੁਕਿਆ ਗਿਆ |