ਅੰਮਿ੍ਤਸਰ, 20 ਜਨਵਰੀ (ਜਸਵੰਤ ਸਿੰਘ ਜੱਸ)-ਆਵਾਰਾ ਕੁੱਤਿਆਂ ਦੇ ਪ੍ਰਬੰਧਨ ਤੇ ਜਨ-ਸੁਰੱਖਿਆ ਸੰਬੰਧੀ ਮਾਣਯੋਗ ਸਰਵਉਚ ਅਦਾਲਤ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਮਹੱਤਵਪੂਰਨ ਸਮੀਖਿਆ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੌਰਾਨ ਵਧੀਕ ਕਮਿਸ਼ਨਰ ਨੇ ਸਮੂਹ ਐੱਮੳਐੱਚ ਅਤੇ ਫੀਲਡ ਅਧਿਕਾਰੀਆਂ ਨੂੰ ਵਾਰਡ-ਵਾਰ ਨਿਰੀਖਣ ਕਰਕੇ ਉਚਿਤ ਫੀਡਿੰਗ ਪੁਆਇੰਟਾਂ ਦੀ ਪਹਿਚਾਣ ਯਕੀਨੀ ਬਣਾਉਣ ਦੇ ਆਦੇਸ਼ ਦਿੰਦਿਆਂ ਜਨ-ਸੁਰੱਖਿਆ, ਸਫ਼ਾਈ ਅਤੇ ਆਮ ਲੋਕਾਂ ਦੀ ਸੁਵਿਧਾ ਨੂੰ ਪ੍ਰਾਥਮਿਕਤਾ ਦੇਣ 'ਤੇ ਜ਼ੋਰ ਦਿੱਤਾ | ਵਧੀਕ ਕਮਿਸ਼ਨਰ ਨੇ ਇਹ ਵੀ ਆਦੇਸ਼ ਦਿੱਤੇ ਕਿ ਇਹ ਪ੍ਰਕਿਰਿਆ ਸੱਤ ਦਿਨਾਂ ਦੇ ਅੰਦਰ ਪੂਰੀ ਕੀਤੀ ਜਾਵੇ ਅਤੇ ਇਸ ਸੰਬੰਧੀ ਅਗਲੀ ਸਮੀਖਿਆ ਮੀਟਿੰਗ ਅਗਲੇ ਬੁੱਧਵਾਰ ਨੂੰ ਕੀਤੀ ਜਾਵੇਗੀ | ਇਸ ਮੀਟਿੰਗ ਵਿਚ ਡਾ. ਗੀਤੂ ਸਰੀਨ, ਮਲਕੀਅਤ ਸਿੰਘ, ਸਰਬਜੀਤ ਸਿੰਘ, ਵਿਜੈ ਗਿੱਲ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ | ਇਸ ਤੋਂ ਇਲਾਵਾ ਡਾ. ਗੀਤੂ ਸਰੀਨ, ਐੱਸ. ਐੱਮ. ਓ-ਕਮ-ਨੋਡਲ ਅਫ਼ਸਰ, ਕੈਟਲ ਪਾਊਾਡ ਨੂੰ ਵਾਰਡ-ਵਾਰ ਫੀਡਿੰਗ ਪੁਆਇੰਟਾਂ ਦੀ ਸੰਯੁਕਤ ਰਿਪੋਰਟ ਤਿਆਰ ਕਰਕੇ ਪੇਸ਼ ਕਰਨ ਦੇ ਵੀ ਆਦੇਸ਼ ਦਿੱਤੇ ਗਏ | ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਆਮ ਲੋਕਾਂ ਦੀ ਸੁਵਿਧਾ ਲਈ ਆਵਾਰਾ ਕੁੱਤਿਆਂ ਸੰਬੰਧੀ ਸ਼ਿਕਾਇਤਾਂ ਲਈ ਇਕ ਟੋਲ-ਫ੍ਰੀ ਨੰਬਰ ਬਹੁਤ ਜਲਦੀ ਜਾਰੀ ਕੀਤਾ ਜਾਵੇਗਾ, ਜਿਸ ਦੀ ਵਿਸਥਾਰਤ ਪ੍ਰਚਾਰ ਕੀਤਾ ਜਾਵੇਗਾ | ਵਧੀਕ ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਪਸ਼ੂ ਕਲਿਆਣ ਅਤੇ ਜਨ-ਸੁਰੱਖਿਆ ਵਿਚ ਸੰਤੁਲਨ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ |