ਅੰਮਿ੍ਤਸਰ, 20 ਜਨਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ 'ਚ 13 ਜਨਵਰੀ ਨੂੰ ਲੋਹੜੀ ਮਨਾਏ ਜਾਣ ਦੇ ਬਾਅਦ ਸ੍ਰੀ ਨਨਕਾਣਾ ਸਾਹਿਬ ਦੇ ਸਰਕਾਰੀ ਗੁਰੂ ਨਾਨਕ ਗ੍ਰੈਜੂਏਟ ਕਾਲਜ ਵਿਖੇ ਲੋਹੜੀ ਅੱਜ ਪੂਰੇ ਉਤਸ਼ਾਹ ਨਾਲ ਮਨਾਈ ਗਈ | ਪ੍ਰਬੰਧਕਾਂ ਨੇ ਦੱਸਿਆ ਕਿ ਕਾਲਜ 'ਚ ਵਿਦਿਆਰਥੀਆਂ ਦੀਆਂ ਛੁੱਟੀਆਂ ਕਾਰਨ ਇਹ ਤਿਉਹਾਰ ਅੱਜ ਮਨਾਇਆ ਗਿਆ | ਲਾਹੌਰ ਤੋਂ ਇਸ ਬਾਰੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਬਾਬਰ ਜਲੰਧਰੀ ਨੇ ਦੱਸਿਆ ਕਿ ਲੋਹੜੀ ਸਮਾਗਮ ਕਾਲਜ ਦੇ ਪਿ੍ੰਸੀਪਲ ਡਾ: ਮੁਹੰਮਦ ਜ਼ਮੀਲ ਸ਼ਾਹ ਦੀ ਅਗਵਾਈ ਹੇਠ ਪੰਜਾਬੀ ਅਤੇ ਇਤਿਹਾਸ ਵਿਭਾਗ ਵਲੋਂ ਆਯੋਜਿਤ ਕੀਤਾ ਗਿਆ | ਸ੍ਰੀ ਨਨਕਾਣਾ ਸਾਹਿਬ ਵਿਖੇ ਕਰਵਾਏ ਗਏ ਲੋਹੜੀ ਸਮਾਗਮ ਮੌਕੇ ਵਿਦਿਆਰਥੀਆਂ ਵਲੋਂ ਲੋਕ ਗੀਤ, ਪੰਜਾਬੀ ਵਿਰਾਸਤ ਨਾਲ ਸੰਬੰਧਿਤ ਕਵਿਤਾਵਾਂ ਅਤੇ ਸਭਿਆਚਾਰਕ ਪ੍ਰਦਰਸ਼ਨ ਪੇਸ਼ ਕੀਤੇ ਗਏ | ਇਤਿਹਾਸ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਅਤੇ ਵਾਈਸ ਪਿ੍ੰਸੀਪਲ ਮੁਹੰਮਦ ਹਸਨ ਰਾਏ ਨੇ ਲੋਹੜੀ ਦੀ ਇਤਿਹਾਸਕ ਮਹੱਤਤਾ 'ਤੇ ਚਾਨਣਾ ਪਾਇਆ | ਲੋਹੜੀ ਬਾਰੇ ਬੋਲਦਿਆਂ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਮਦਨ ਸਿੰਘ ਨੇ ਕਿਹਾ ਕਿ ਸਾਡੇ ਤਿਉਹਾਰ ਸਦੀਆਂ ਤੋਂ ਆਪਸੀ ਪਿਆਰ, ਸ਼ਾਂਤੀ ਅਤੇ ਭਾਈਚਾਰੇ ਦੇ ਮਾਹੌਲ ਨੂੰ ਬਣਾਈ ਰੱਖਣ 'ਚ ਆਪਣੀ ਭੂਮਿਕਾ ਨਿਭਾਉਂਦੇ ਆ ਰਹੇ ਹਨ | ਪਿ੍ੰਸੀਪਲ ਡਾ: ਮੁਹੰਮਦ ਜ਼ਮੀਲ ਸ਼ਾਹ ਨੇ ਆਪਣੇ ਸੰਬੋਧਨ 'ਚ ਲੋਹੜੀ ਦੇ ਇਤਿਹਾਸਕ ਅਤੇ ਸਭਿਆਚਾਰਕ ਮਹੱਤਵ ਨੂੰ ਉਜਾਗਰ ਕੀਤਾ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ |