28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਅਵਾਰਾ ਪਸ਼ੂਆਂ ਦੇ ਝੁੰਡ ਬਣ ਰਹੇ ਨੇ ਰਾਹਗੀਰਾਂ ਲਈ ਜਾਨਲੇਵਾ, ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ

ਫ਼ਾਜ਼ਿਲਕਾ, 27 ਸਤੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਆਵਾਰਾ ਪਸ਼ੂਆਂ ਦੀ ਦਿਨੋਂ-ਦਿਨ ਵਧ ਰਹੀ ਗਿਣਤੀ ਸ਼ਹਿਰ ਵਾਸੀਆਂ, ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਸ਼ਹਿਰ ਦੇ ਗੁਰੂ ਤੇਗ਼ ਬਹਾਦਰ ਮਾਰਗ ਨੇੜੇ ਮਹਾਂਵੀਰ ਕਾਲੋਨੀ, ਵਾਣ ਬਾਜ਼ਾਰ, ਮਲੋਟ ਚੌਂਕ, ਮੱਛੀ ਮਾਰਕੀਟ ਦੇ ਸਾਹਮਣੇ ਅਤੇ ਹੋਰ ਕਈ ਪ੍ਰਮੁੱਖ ਸੜਕਾਂ ’ਤੇ ਆਵਾਰਾ ਪਸ਼ੂ ਅਕਸਰ ਝੁੰਡਾਂ ਦੇ ਰੂਪ ਵਿਚ ਘੁੰਮਦੇ ਅਤੇ ਸੜਕਾਂ ਵਿਚਕਾਰ ਬੈਠੇ ਨਜ਼ਰ ਆਉਂਦੇ ਹਨ।

ਫ਼ਾਜ਼ਿਲਕਾ ਦੇ ਮਲੋਟ ਰੋਡ ਮੱਛੀ ਮਾਰਕੀਟ ਦੇ ਸਾਹਮਣੇ ਅਵਾਰਾ ਪਸ਼ੂ ਦਾ ਖੜ੍ਹਾ ਝੁੰਡ। ਅਜੀਤ ਤਸਵੀਰ 28-09-2026
ਫ਼ਾਜ਼ਿਲਕਾ, 27 ਸਤੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਆਵਾਰਾ ਪਸ਼ੂਆਂ ਦੀ ਦਿਨੋਂ-ਦਿਨ ਵਧ ਰਹੀ ਗਿਣਤੀ ਸ਼ਹਿਰ ਵਾਸੀਆਂ, ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਸ਼ਹਿਰ ਦੇ ਗੁਰੂ ਤੇਗ਼ ਬਹਾਦਰ ਮਾਰਗ ਨੇੜੇ ਮਹਾਂਵੀਰ ਕਾਲੋਨੀ, ਵਾਣ ਬਾਜ਼ਾਰ, ਮਲੋਟ ਚੌਂਕ, ਮੱਛੀ ਮਾਰਕੀਟ ਦੇ ਸਾਹਮਣੇ ਅਤੇ ਹੋਰ ਕਈ ਪ੍ਰਮੁੱਖ ਸੜਕਾਂ ’ਤੇ ਆਵਾਰਾ ਪਸ਼ੂ ਅਕਸਰ ਝੁੰਡਾਂ ਦੇ ਰੂਪ ਵਿਚ ਘੁੰਮਦੇ ਅਤੇ ਸੜਕਾਂ ਵਿਚਕਾਰ ਬੈਠੇ ਨਜ਼ਰ ਆਉਂਦੇ ਹਨ। ਇਸ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਸੜਕ ਹਾਦਸਿਆਂ ਦਾ ਖ਼ਤਰਾ ਵੀ ਲਗਾਤਾਰ ਬਣਿਆ ਹੋਇਆ ਹੈ। ਸਥਾਨਕ ਲੋਕਾਂ ਅਨੁਸਾਰ ਆਵਾਰਾ ਪਸ਼ੂਆਂ ਕਾਰਨ ਸ਼ਹਿਰ ਵਿਚ ਅਕਸਰ ਛੋਟੇ-ਵੱਡੇ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਇਹ ਪਸ਼ੂ ਵੱਡਾ ਖ਼ਤਰਾ ਬਣੇ ਹੋਏ ਹਨ। ਕਈ ਵਾਰ ਸੜਕ ’ਤੇ ਅਚਾਨਕ ਆਉਣ ਵਾਲੇ ਪਸ਼ੂ ਤੋਂ ਬਚਣ ਦੀ ਕੋਸ਼ਿਸ਼ ਵਿਚ ਵਾਹਨ ਚਾਲਕ ਆਪਣਾ ਸੰਤੁਲਨ ਗੁਆ ਬੈਠਦੇ ਹਨ, ਜਿਸ ਕਾਰਨ ਉਹ ਜ਼ਖ਼ਮੀ ਹੋ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਾਦਸਿਆਂ ਵਿਚ ਕਈ ਲੋਕਾਂ ਨੂੰ ਗੰਭੀਰ ਸੱਟਾਂ ਵੀ ਲੱਗ ਚੁੱਕੀਆਂ ਹਨ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਰਾਤ ਸਮੇਂ ਆਵਾਰਾ ਪਸ਼ੂਆਂ ਦੀ ਸਮੱਸਿਆ ਹੋਰ ਵੀ ਖ਼ਤਰਨਾਕ ਰੂਪ ਧਾਰ ਲੈਂਦੀ ਹੈ। ਹਨੇਰੇ ਕਾਰਨ ਸੜਕਾਂ ’ਤੇ ਬੈਠੇ ਪਸ਼ੂ ਵਾਹਨ ਚਾਲਕਾਂ ਨੂੰ ਦੂਰੋਂ ਦਿਖਾਈ ਨਹੀਂ ਦਿੰਦੇ। ਜਦੋਂ ਵਾਹਨ ਉਨ੍ਹਾਂ ਦੇ ਨੇੜੇ ਪਹੁੰਚਦਾ ਹੈ ਤਾਂ ਅਚਾਨਕ ਪਸ਼ੂ ਦੇ ਸਾਹਮਣੇ ਆ ਜਾਣ ਕਾਰਨ ਹਾਦਸਾ ਵਾਪਰ ਜਾਂਦਾ ਹੈ। ਕਈ ਪ੍ਰਮੁੱਖ ਸੜਕਾਂ ’ਤੇ ਸਟਰੀਟ ਲਾਈਟਾਂ ਦੀ ਕਮੀ ਜਾਂ ਘੱਟ ਰੌਸ਼ਨੀ ਇਸ ਖ਼ਤਰੇ ਨੂੰ ਹੋਰ ਵਧਾ ਦਿੰਦੀ ਹੈ। ਇਸ ਤੋਂ ਇਲਾਵਾ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਆਵਾਰਾ ਪਸ਼ੂਆਂ ਦੇ ਆਪਸ ਵਿਚ ਭਿੜ ਜਾਣ ਕਾਰਨ ਵੀ ਅਕਸਰ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ। ਪਸ਼ੂਆਂ ਦੀ ਲੜਾਈ ਦੌਰਾਨ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਨੁਕਸਾਨ ਗ੍ਰਸਤ ਹੋਣ ਦੇ ਨਾਲ-ਨਾਲ ਬਾਜ਼ਾਰ ਵਿਚ ਖ਼ਰੀਦਦਾਰੀ ਕਰਨ ਆਏ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੇ ਸੱਟ ਲੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਵਲੋਂ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ’ਤੇ ‘ਗਊ ਸੈੱਸ’ ਵਸੂਲਿਆ ਜਾਂਦਾ ਹੈ। ਇਸ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਸੜਕਾਂ ਤੋਂ ਹਟਾਉਣ ਲਈ ਕੋਈ ਪ੍ਰਭਾਵਸ਼ਾਲੀ ਪ੍ਰਬੰਧ ਨਜ਼ਰ ਨਹੀਂ ਆ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਗਊਸ਼ਾਲਾਵਾਂ ਵਿਚ ਥਾਂ ਦੀ ਘਾਟ ਨੂੰ ਆਧਾਰ ਬਣਾ ਕੇ ਸਮੱਸਿਆ ਨੂੰ ਲਗਾਤਾਰ ਟਾਲਿਆ ਜਾ ਰਿਹਾ ਹੈ। ਸਮਾਜ ਸੇਵੀ ਸੰਸਥਾਵਾਂ, ਵਪਾਰਕ ਮੰਡਲਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਫ਼ਾਜ਼ਿਲਕਾ ਤੋਂ ਮੰਗ ਕੀਤੀ ਹੈ ਕਿ ਸੜਕਾਂ ’ਤੇ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਤੁਰੰਤ ਫੜ ਕੇ ਕੈਟਲ ਪੌਂਡ ਜਾਂ ਵੱਡੀਆਂ ਗਊਸ਼ਾਲਾਵਾਂ ਵਿਚ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਸਰਕਾਰੀ ਖ਼ਾਲੀ ਜ਼ਮੀਨਾਂ ’ਤੇ ਨਵੇਂ ਸ਼ੈੱਡ ਬਣਾਏ ਜਾਣ ਤਾਂ ਜੋ ਪਸ਼ੂਆਂ ਲਈ ਰਹਿਣ ਅਤੇ ਚਾਰੇ ਦੀ ਪੱਕੀ ਵਿਵਸਥਾ ਕੀਤੀ ਜਾ ਸਕੇ। ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਜਦੋਂ ਤੱਕ ਆਵਾਰਾ ਪਸ਼ੂਆਂ ਲਈ ਪੱਕਾ ਪ੍ਰਬੰਧ ਨਹੀਂ ਹੁੰਦਾ, ਉਦੋਂ ਤੱਕ ਹਾਦਸਿਆਂ ਨੂੰ ਰੋਕਣ ਲਈ ਪਸ਼ੂਆਂ ਦੇ ਗਲਾਂ ਵਿਚ ਰੇਡੀਅਮ ਵਾਲੀਆਂ ਰਿਫ਼ਲੈਕਟਰ ਬੈਲਟਾਂ ਪਾਈਆਂ ਜਾਣ, ਤਾਂ ਜੋ ਰਾਤ ਸਮੇਂ ਵਾਹਨ ਚਾਲਕਾਂ ਨੂੰ ਦੂਰੋਂ ਹੀ ਪਸ਼ੂ ਨਜ਼ਰ ਆ ਸਕਣ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਗੰਭੀਰ ਸਮੱਸਿਆ ਦਾ ਜਲਦ ਕੋਈ ਪੱਕਾ ਹੱਲ ਨਾ ਕੱਢਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਲੋਕਾਂ ਨੇ ਕਿਹਾ ਕਿ ਜੇਕਰ ਸਮੱਸਿਆ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਉਹ ਵੱਖ-ਵੱਖ ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਪਿਛਲੀ ਖ਼ਬਰ ਹਰਕਮਲ ਸਿੰਘ ਮਨੇਸ਼ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਕੀਤਾ ਵੱਡਾ ਇਕੱਠ ਅਗਲੀ ਖ਼ਬਰ ‘ ਆਪਣਾ ਅਬੋਹਰ, ਆਪਣੀ ਆਭਾ’ ਦੀ ਸਫ਼ਾਈ ਮੁਹਿੰਮ ਤਹਿਤ ਧੋਬੀ ਘਾਟ ਪਾਰਕ ਦੀ ਬਦਲੀ ਨੁਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।