19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

22 ਸਤੰਬਰ ਤੋਂ ਓਟ ਸੈਂਟਰ ਰਹਿਣਗੇ ਬੰਦ, ਅਣਮਿਥੇ ਸਮੇਂ ਲਈ ਹੜਤਾਲ ਦਾ ਐਲਾਨ

ਫ਼ਾਜ਼ਿਲਕਾ, 18 ਸਤੰਬਰ (ਦਵਿੰਦਰ ਪਾਲ ਸਿੰਘ)- ਗੌਰਮਿੰਟ ਡਰੱਗ ਡੀ-ਅਡਿਕਸ਼ਨ, ਰੀਹੈਬਲੀਟੇਸ਼ਨ ਐਂਡ ਓ. ਓ.

ਅਜੀਤ ਡੈਸਕ 19-09-2026
ਫ਼ਾਜ਼ਿਲਕਾ, 18 ਸਤੰਬਰ (ਦਵਿੰਦਰ ਪਾਲ ਸਿੰਘ)- ਗੌਰਮਿੰਟ ਡਰੱਗ ਡੀ-ਅਡਿਕਸ਼ਨ, ਰੀਹੈਬਲੀਟੇਸ਼ਨ ਐਂਡ ਓ.ਓ.ਏ.ਟੀ. ਆਊਟ ਸੋਰਸ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਵਲੋਂ ਆਊਟ ਸੋਰਸ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਤੋਂ 21 ਸਤੰਬਰ ਤੱਕ ਮੰਗਾਂ ਸਬੰਧੀ ਠੋਸ ਫ਼ੈਸਲਾ ਲੈਣ ਦੀ ਮੰਗ ਕੀਤੀ ਗਈ ਹੈ। ਸਿਵਲ ਸਰਜਨ ਫ਼ਾਜ਼ਿਲਕਾ ਨੂੰ ਇਕ ਮੰਗ ਪੱਤਰ ਸੌਂਪ ਕੇ ਹੜਤਾਲ ਬਾਰੇ ਲਿਖਤੀ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਦੱਸਿਆ ਕਿ ਓ.ਓ.ਏ.ਟੀ., ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ’ਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਆਊਟ ਸੋਰਸ ਕਰਮਚਾਰੀ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਸਰਕਾਰ ਅਤੇ ਵਿਭਾਗ ਦੇ ਧਿਆਨ ਵਿਚ ਮਾਮਲਾ ਲਿਆ ਰਹੇ ਹਨ। ਇਸ ਦੇ ਬਾਵਜੂਦ ਮੰਗਾਂ ਸਬੰਧੀ ਠੋਸ ਨੋਟੀਫ਼ਿਕੇਸ਼ਨ ਜਾਰੀ ਨਾ ਹੋਣ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐਸੋਸੀਏਸ਼ਨ ਵੱਲੋਂ ਸਰਕਾਰ ਅੱਗੇ ਮੁੱਖ ਤੌਰ ’ਤੇ 5 ਨਵੰਬਰ 2018 ਤੋਂ 6 ਪ੍ਰਤੀਸ਼ਤ ਸਾਲਾਨਾ ਇੰਕਰੀਮੈਂਟ ਲਾਗੂ ਕਰ ਕੇ ਬਣਦੇ ਬਕਾਏ ਸਮੇਤ ਭੁਗਤਾਨ ਕਰਨ, ਆਊਟ ਸੋਰਸ ਕਰਮਚਾਰੀਆਂ ਲਈ 9 ਪ੍ਰਤੀਸ਼ਤ ਤੇ 12 ਪ੍ਰਤੀਸ਼ਤ ਸਪੈਸ਼ਲ ਇੰਕਰੀਮੈਂਟ ਸੰਬੰਧੀ ਬਣਦਾ ਲਾਭ ਦੇਣ ਤੇ ਪੰਜਾਬ ਸਰਕਾਰ ਵਲੋਂ ਆਊਟ ਸੋਰਸ ਕਰਮਚਾਰੀਆਂ ਨੂੰ ਕੰਟਰੈਕਚੁਅਲ ਸਟੇਟਸ ਦੇਣ ਸੰਬੰਧੀ ਪਾਸ ਕੀਤੇ ਗਏ ਬਿੱਲ ਅਨੁਸਾਰ ਯੋਗ ਕਰਮਚਾਰੀਆਂ ਨੂੰ ਠੇਕੇ ਅਧੀਨ ਲਿਆਉਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕੋ ਜਿਹਾ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਬਰਾਬਰ ਕੰਮ-ਬਰਾਬਰ ਤਨਖ਼ਾਹ’ ਦਾ ਸਿਧਾਂਤ ਲਾਗੂ ਕਰਨ ਤੇ ਇਨ੍ਹਾਂ ਕੇਂਦਰਾਂ ’ਚ ਕੰਮ ਕਰ ਰਹੇ ਕਰਮਚਾਰੀਆਂ ਦੀ ਤਨਖ਼ਾਹ ਤੇ ਸੇਵਾ ਲਾਭਾਂ ਵਿਚ ਬਣਦਾ ਇਨਸਾਫ਼ ਕਰਨ ਦੀ ਮੰਗ ਵੀ ਕੀਤੀ ਗਈ ਹੈ। ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਐਸੋਸੀਏਸ਼ਨ ਵਲੋਂ ਸਰਕਾਰ ਨੂੰ 21 ਸਤੰਬਰ ਤੱਕ ਮੰਗਾਂ ਸਬੰਧੀ ਨੋਟੀਫ਼ਿਕੇਸ਼ਨ/ਹੁਕਮ ਜਾਰੀ ਕਰਨ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਨਿਰਧਾਰਿਤ ਸਮੇਂ ਤੱਕ ਕੋਈ ਠੋਸ ਫ਼ੈਸਲਾ ਨਾ ਲਿਆ ਗਿਆ ਤਾਂ 22 ਸਤੰਬਰ ਤੋਂ ਪੰਜਾਬ ਭਰ ਦੇ ਓ.ਓ.ਏ.ਟੀ. ਸੈਂਟਰ ਬੰਦ ਕਰ ਕੇ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਵੀਰਪਾਲ ਕੰਬੋਜ, ਰਾਜ ਕੁਮਾਰ, ਅਨਿਲ ਕੁਮਾਰ, ਸਟੀਫਨ, ਰਜਨੀ ਬਾਲਾ, ਰਾਜਿੰਦਰ ਸਿੰਘ ਸਮੇਤ ਹੋਰ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 6 ਮੁਕੱਦਮੇ ਦਰਜ ਅਗਲੀ ਖ਼ਬਰ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਸੁੱਕੇ ਫੂਸ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।