ਮੋਬਾਈਲ ਫੋਨ ਬੰਦ ਹੋਣ ਮਗਰੋਂ ਗੂਗਲ ਪੇਅ ਰਾਹੀਂ 2.91 ਲੱਖ ਰੁਪਏ ਖਾਤਿਆਂ ’ਚੋਂ ਗ਼ਾਇਬ
ਸਾਈਬਰ ਕ੍ਰਾਈਮ ਨੇ ਧੋਖਾਧੜੀ ਦਾ ਮਾਮਲਾ ਕੀਤਾ ਦਰਜ
ਫਿਰੋਜ਼ਪੁਰ, 28 ਅਗਸਤ (ਰਾਕੇਸ਼ ਚਾਵਲਾ)-ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਦੀ ਪੁਲਿਸ ਨੇ ਆਨਲਾਈਨ ਧੋਖਾਧੜੀ ਦੇ ਮਾਮਲੇ ਵਿਚ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਮੋਬਾਈਲ ਫੋਨ ਅਚਾਨਕ ਬੰਦ ਹੋ ਗਿਆ ਸੀ ਅਤੇ ਬਾਅਦ ਵਿਚ ਗੂਗਲ ਪੇਅ ਰਾਹੀਂ ਬੈਂਕ ਬੈਲੰਸ ਚੈੱਕ ਕਰਨ ’ਤੇ ਤਿੰਨ ਖਾਤਿਆਂ ’ਚੋਂ 2,91,520 ਰੁਪਏ ਕਢਵਾਏ ਜਾਣ ਦਾ ਪਤਾ ਲੱਗਾ।
ਫਿਰੋਜ਼ਪੁਰ, 28 ਅਗਸਤ (ਰਾਕੇਸ਼ ਚਾਵਲਾ)-ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਦੀ ਪੁਲਿਸ ਨੇ ਆਨਲਾਈਨ ਧੋਖਾਧੜੀ ਦੇ ਮਾਮਲੇ ਵਿਚ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਮੋਬਾਈਲ ਫੋਨ ਅਚਾਨਕ ਬੰਦ ਹੋ ਗਿਆ ਸੀ ਅਤੇ ਬਾਅਦ ਵਿਚ ਗੂਗਲ ਪੇਅ ਰਾਹੀਂ ਬੈਂਕ ਬੈਲੰਸ ਚੈੱਕ ਕਰਨ ’ਤੇ ਤਿੰਨ ਖਾਤਿਆਂ ’ਚੋਂ 2,91,520 ਰੁਪਏ ਕਢਵਾਏ ਜਾਣ ਦਾ ਪਤਾ ਲੱਗਾ। ਪੁਲਿਸ ਵਲੋਂ ਦਰਜ ਕੀਤੇ ਮੁਕੱਦਮੇ ਅਨੁਸਾਰ ਇਸ ਮਾਮਲੇ ਦੀ ਜਾਣਕਾਰੀ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਮੋਹਾਲੀ ਵਲੋਂ ਆਨਲਾਈਨ ਫਰੌਡ ਸੰਬੰਧੀ ਦਰਜ ਕੀਤੀ ਗਈ ਜ਼ੀਰੋ ਐੱਫ.ਆਈ.ਆਰ ਰਾਹੀਂ ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਨੂੰ ਪ੍ਰਾਪਤ ਹੋਈ ਸੀ। ਇਸ ਸਬੰਧੀ ਮੁਕੱਦਮਾ ਨੰਬਰ 18 ਮਿਤੀ 27 ਅਗਸਤ 2026 ਨੂੰ 420 ਆਈ.ਪੀ.ਸੀ. ਤਹਿਤ ਦਰਜ ਕੀਤਾ ਗਿਆ ਹੈ। ਪੀੜਤ ਜਸਵੰਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਅਲੀ ਕੇ ਰੋਡ ਨੇੜੇ ਖ਼ਾਲਸਾ ਕਾਲੋਨੀ, ਏਕਤਾ ਨਗਰ, ਫਿਰੋਜ਼ਪੁਰ ਸਿਟੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ 21 ਅਗਸਤ ਨੂੰ ਉਸ ਦਾ ਮੋਬਾਈਲ ਫੋਨ ਅਚਾਨਕ ਬੰਦ ਹੋ ਗਿਆ। ਉਸ ਨੇ ਜਦੋਂ ਫੋਨ ਨੂੰ ਦੁਬਾਰਾ ਚਾਲੂ ਕੀਤਾ ਤਾਂ ਫੋਨ ਵਿਚ ਕੋਈ ਵੀ ਐਪ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ। ਇਸ ਕਾਰਨ ਉਸ ਨੂੰ ਸ਼ੁਰੂ ਵਿਚ ਤਕਨੀਕੀ ਖ਼ਰਾਬੀ ਹੋਣ ਦਾ ਸ਼ੱਕ ਹੋਇਆ। ਪੀੜਤ ਮੁਤਾਬਿਕ 23 ਅਗਸਤ ਨੂੰ ਜਦੋਂ ਉਸ ਨੇ ਦੁਬਾਰਾ ਆਪਣਾ ਫੋਨ ਚਾਲੂ ਕੀਤਾ ਤਾਂ ਗੂਗਲ ਪੇਅ ਰਾਹੀਂ ਆਪਣੇ ਬੈਂਕ ਖਾਤਿਆਂ ਦਾ ਬੈਲੰਸ ਚੈੱਕ ਕੀਤਾ। ਬੈਲੰਸ ਦੇਖ ਕੇ ਉਹ ਹੈਰਾਨ ਰਹਿ ਗਿਆ, ਕਿਉਂਕਿ ਉਸ ਦੇ ਤਿੰਨ ਬੈਂਕ ਖਾਤਿਆਂ ’ਚੋਂ ਕੁੱਲ 2,91,520 ਰੁਪਏ ਦੀ ਰਕਮ ਕਢਵਾਈ ਜਾ ਚੁੱਕੀ ਸੀ। ਉਸ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਪੁਲਿਸ ਨੇ ਪੀੜਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੀੜਤ ਦੇ ਮੋਬਾਈਲ ਅਤੇ ਬੈਂਕ ਖਾਤਿਆਂ ਤੱਕ ਕਿਵੇਂ ਪਹੁੰਚ ਬਣਾਈ ਗਈ ਅਤੇ ਰਕਮ ਕਿਹੜੇ ਖਾਤਿਆਂ ਵਿਚ ਟਰਾਂਸਫ਼ਰ ਕੀਤੀ ਗਈ। ਪੁਲਿਸ ਵਲੋਂ ਆਨਲਾਈਨ ਲੈਣ-ਦੇਣ ਨਾਲ ਸਬੰਧਤ ਤਕਨੀਕੀ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ।