ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸ਼ਹਿਰ ਦੇ ਪ੍ਰਤਾਪ ਬਾਗ਼ ਵਿਖੇ ਕਰਵਾਏ ਗਏ 18ਵੇਂ 'ਫ਼ਾਜ਼ਿਲਕਾ ਹੈਰੀਟੇਜ ਫ਼ੈਸਟੀਵਲ' ਦੌਰਾਨ ਚਿਕਿਤਸਾ ਖੇਤਰ ਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਬਦਲੇ ਨੌਜਵਾਨ ਕਾਰਡੀਅਕ ਸਰਜਨ ਡਾ. ਕੇਸ਼ਵ ਸਚਦੇਵਾ (ਡੀ.ਐਮ.) ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਡਾ.ਕੇਸ਼ਵ ਫ਼ਾਜ਼ਿਲਕਾ ਦੇ ਉੱਘੇ ਛਾਤੀ ਰੋਗ ਮਾਹਿਰ ਡਾ.ਵਿਜੇ ਸਚਦੇਵਾ ਅਤੇ ਰਿਤੂ ਸਚਦੇਵਾ ਦੇ ਸਪੁੱਤਰ ਹਨ | ਵਰਤਮਾਨ ਵਿਚ ਏਮਜ਼ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਡਾ.ਕੇਸ਼ਵ ਸਚਦੇਵਾ ਦੀ ਗਿਣਤੀ ਮਾਲਵਾ ਖੇਤਰ ਦੇ ਉੱਭਰਦੇ ਹੋਏ ਕੁਸ਼ਲ ਦਿਲ ਦੇ ਰੋਗਾਂ ਦੇ ਸਰਜਨਾਂ ਵਿਚ ਹੁੰਦੀ ਹੈ | ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਫ਼ਾਜ਼ਿਲਕਾ ਤੋਂ ਹਾਸਲ ਕਰਨ ਉਪਰੰਤ ਐਮ.ਬੀ.ਬੀ.ਐਸ. ਅਤੇ ਐਮ.ਡੀ. ਦੀ ਪੜ੍ਹਾਈ ਦਿੱਲੀ ਦੇ ਪ੍ਰਸਿੱਧ ਸਫ਼ਦਰ ਜੰਗ ਹਸਪਤਾਲ ਤੋਂ ਕੀਤੀ | ਇਸ ਤੋਂ ਬਾਅਦ ਉਨ੍ਹਾਂ ਨੇ ਹੀਰੋ ਹਾਰਟ (ਡੀ.ਐਮ.ਸੀ.) ਲੁਧਿਆਣਾ ਵਿਖੇ ਦੇਸ਼ ਦੇ ਮੰਨੇ-ਪ੍ਰਮੰਨੇ ਮਾਹਿਰ ਡਾ.ਜੀ.ਐਸ.ਵਾਂਡਰ ਦੀ ਅਗਵਾਈ ਹੇਠ ਦਿਲ ਦੇ ਰੋਗਾਂ ਦੀਆਂ ਬਾਰੀਕੀਆਂ ਸਿੱਖੀਆਂ | ਗ੍ਰੈਜੂਏਟ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ.ਨਵਦੀਪ ਅਸੀਜਾ ਨੇ ਦੱਸਿਆ ਕਿ ਡਾ.ਕੇਸ਼ਵ ਦੀ ਮਨੁੱਖਤਾ ਪ੍ਰਤੀ ਸੇਵਾ ਭਾਵਨਾ ਅਤੇ ਉਤਕਿ੍ਸ਼ਟ ਕਾਰਜਸ਼ੈਲੀ ਸਦਕਾ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ | ਸਨਮਾਨ ਹਾਸਲ ਕਰਨ ਮੌਕੇ ਡਾ. ਕੇਸ਼ਵ ਨੇ ਕਿਹਾ ਕਿ ਇਹ ਮਾਣ ਉਨ੍ਹਾਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਉਹ ਭਵਿੱਖ ਵਿਚ ਵੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦੇ ਰਹਿਣਗੇ | ਸਮਾਗਮ ਵਿਚ ਐਸ. ਐਸ. ਪੀ. ਗੁਰਮੀਤ ਸਿੰਘ, ਇੰਜੀ. ਵਿਕਰਮ ਅਹੂਜਾ, ਐਡਵੋਕੇਟ ਉਮੇਸ਼ ਕੁੱਕੜ, ਡਾ. ਰਜਨੀਸ਼ ਕਾਮਰਾ ਅਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |