ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਿਹਤ ਵਿਭਾਗ ਵਲੋਂ ਰਾਸ਼ਟਰੀ ਬਾਲ ਸਵਸਥ ਕਾਰਜ-ਕਰਮ ਤਹਿਤ ਸਕੂਲੀ ਬੱਚਿਆਂ ਦੀ ਸਿਹਤ ਜਾਂਚ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਕ ਨਵਾਂ ਕਦਮ ਚੁੱਕਿਆ ਗਿਆ ਹੈ | ਸਿਵਲ ਸਰਜਨ ਫ਼ਾਜ਼ਿਲਕਾ ਡਾ.ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ ਵਲੋਂ ਆਰ.ਬੀ.ਐੱਸ.ਕੇ.ਮੋਬਾਈਲ ਹੈਲਥ ਟੀਮਾਂ ਨੂੰ ਅੱਖਾਂ ਦੀ ਜਾਂਚ ਲਈ ਆਧੁਨਿਕ 'ਹੈਂਡ ਹੈਲਡ ਆਟੋ ਰੀਫਰੈਕਟਰੋਮੀਟਰ' ਮੁਹੱਈਆ ਕਰਵਾਏ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਰਿੰਕੂ ਚਾਵਲਾ ਨੇ ਦੱਸਿਆ ਕਿ ਵਿਭਾਗ ਵੱਲੋਂ ਹੁਣ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਲਈ ਨਵੀਂ ਤਕਨੀਕ ਦਾ ਪ੍ਰਯੋਗ ਕੀਤਾ ਜਾਵੇਗਾ | ਇਨ੍ਹਾਂ ਮਸ਼ੀਨਾਂ ਦੀ ਵੰਡ ਅੱਜ ਜ਼ਿਲ੍ਹੇ ਦੀਆਂ ਸਮੂਹ ਮੋਬਾਈਲ ਟੀਮਾਂ ਨੂੰ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਸਟਾਫ਼ ਨੂੰ ਇਸ ਸਬੰਧੀ ਵਿਸ਼ੇਸ਼ ਸਿਖਲਾਈ (ਟਰੇਨਿੰਗ) ਵੀ ਦਿੱਤੀ ਜਾਵੇਗੀ | ਉਨ੍ਹਾਂ ਹਦਾਇਤ ਕੀਤੀ ਕਿ ਟਰੇਨਿੰਗ ਤੋਂ ਤੁਰੰਤ ਬਾਅਦ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੀ ਵਿਜ਼ਨ ਸਕਰੀਨਿੰਗ ਸ਼ੁਰੂ ਕੀਤੀ ਜਾਵੇ | ਡਾ.ਚਾਵਲਾ ਨੇ ਇਹ ਵੀ ਕਿਹਾ ਕਿ ਟੀਮਾਂ ਵਿਜ਼ਟ ਦੌਰਾਨ ਇਹ ਯਕੀਨੀ ਬਣਾਉਣ ਕਿ ਸਰਕਾਰੀ ਸਕੂਲਾਂ ਵਿਚ ਵਿਜ਼ਨ ਚਾਰਟ ਲੱਗੇ ਹੋਣ ਅਤੇ ਅਧਿਆਪਕਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਹੋਵੇ | ਇਸ ਮੌਕੇ ਫਾਰਮੇਸੀ ਅਫ਼ਸਰ ਗੁਰਪ੍ਰੀਤ ਸਿੰਘ ਬੱਬਰ, ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ, ਬੀ.ਈ.ਈ. ਦਿਵੇਸ਼ ਕੁਮਾਰ, ਆਰ.ਬੀ.ਐੱਸ.ਕੇ. ਕੋਆਰਡੀਨੇਟਰ ਬਲਜੀਤ ਸਿੰਘ ਅਤੇ ਹੋਰ ਸਿਹਤ ਕਰਮੀਂ ਹਾਜ਼ਰ ਸਨ |