ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ)-ਓ.ਬੀ.ਸੀ ਵੈੱਲਫੇਅਰ ਫ਼ਰੰਟ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਦੇ ਝੰਡੇ ਹੇਠ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਵੱਖ-ਵੱਖ ਜਾਤੀਆਂ ਦੇ ਲੋਕਾਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਫ਼ਾਜ਼ਿਲਕਾ 'ਚ ਸੂਬਾਈ ਆਗੂ ਹਰੀਸ਼ ਨੱਢਾ ਅਤੇ ਓਮ ਪ੍ਰਕਾਸ਼ ਕੰਬੋਜ ਦੀ ਸਾਂਝੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਵਿਸ਼ਾਲ ਇਕੱਠ ਕੀਤਾ ਗਿਆ ਜਿਸ ਵਿਚ ਸੂਬਾ ਪ੍ਰਧਾਨ ਹਰਜਿੰਦਰ ਹਾਂਡਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਸੰਬੋਧਨ ਕਰਦਿਆਂ ਹਰੀਸ਼ ਨੱਢਾ ਅਤੇ ਓਮ ਪ੍ਰਕਾਸ਼ ਕੰਬੋਜ ਨੇ ਕਿਹਾ ਕਿ ਪੰਜਾਬ ਵਿਚ ਪਛੜੀਆਂ ਸ਼੍ਰੇਣੀਆਂ ਨੂੰ ਸਿਰਫ਼ ਦੋ ਤਰ੍ਹਾਂ ਦੀ ਰਿਜ਼ਰਵੇਸ਼ਨ ਹੀ ਦਿੱਤੀ ਜਾ ਰਹੀ ਹੈ ਜਦੋਂ ਕਿ ਇਹ ਚਾਰ ਤਰ੍ਹਾਂ ਦੀ ਰਿਜ਼ਰਵੇਸ਼ਨ ਦੇਣੀ ਬਣਦੀ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਪਛੜੀਆਂ ਸ਼੍ਰੇਣੀਆਂ ਨੂੰ ਨੌਕਰੀਆਂ ਵਿਚ ਪ੍ਰਮੋਸ਼ਨਾਂ ਅਤੇ ਪੰਚਾਇਤ ਤੋਂ ਪਾਰਲੀਮੈਂਟ ਤੱਕ ਰਿਜ਼ਰਵੇਸ਼ਨ ਦਿੱਤੀ ਜਾਵੇ | ਸੂਬਾਈ ਆਗੂ ਹਰਜਿੰਦਰ ਹਾਂਡਾ ਨੇ ਕਿਹਾ ਕਿ ਕੇਂਦਰੀ ਪੱਧਰ ਉਤੇ ਅਤੇ ਹੋਰ ਕਈ ਗੁਆਂਢੀ ਸੂਬਿਆਂ ਵਲੋਂ ਪਛੜੀਆਂ ਸ਼੍ਰੇਣੀਆਂ ਨੂੰ 27 ਪ੍ਰਤੀਸ਼ਤ ਰਿਜ਼ਰਵੇਸ਼ਨ ਕੋਟਾ ਦਿੱਤਾ ਜਾ ਰਿਹਾ ਹੈ, ਜਦੋਂ ਕਿ ਪੰਜਾਬ ਵਿਚ ਦਾਖ਼ਲਿਆਂ ਵਿਚ ਸਿਰਫ਼ 10 ਅਤੇ ਨੌਕਰੀਆਂ ਵਿਚ ਸਿਰਫ਼ 12 ਪ੍ਰਤੀਸ਼ਤ ਰਿਜ਼ਰਵੇਸ਼ਨ ਕੋਟਾ ਹੀ ਮਿਲ ਰਿਹਾ ਹੈ | ਗੁਰਮੀਤ ਪਰਜਾਪਤੀ ਨੇ ਸੰਬੋਧਨ ਕਰਦਿਆਂ ਪੰਜਾਬ ਵਿਚ ਜਾਤੀਗਤ ਜਨਗਣਨਾ ਕਰਵਾਉਣ ਦੀ ਮੰਗ ਕੀਤੀ | ਜਗਦੀਸ਼ ਸਾਮਾਂ ਸੱਪਾਂ ਵਾਲੀ ਅਤੇ ਰਮੇਸ਼ ਕੰਬੋਜ ਸੱਪਾਂ ਵਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਗਰੂਰ ਜ਼ਿਲ੍ਹਾ ਸ਼ਹੀਦ ਊਧਮ ਸਿੰਘ ਦਾ ਜੱਦੀ ਜ਼ਿਲ੍ਹਾ ਹੈ | ਸੋ ਸੰਗਰੂਰ ਜ਼ਿਲ੍ਹੇ ਦਾ ਨਾਮ ਬਦਲ ਕੇ ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਰੱਖਿਆ ਜਾਵੇ, ਸ਼ਹੀਦ ਊਧਮ ਸਿੰਘ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ | ਹੱਕੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਮ ਉੱਤੇ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਆਸ਼ੂਤੋਸ਼ ਕੰਬੋਜ , ਕ੍ਰਾਂਤੀ ਕੰਬੋਜ, ਓਮ ਪ੍ਰਕਾਸ਼ ਬੱਟੀ, ਸਤੀਸ਼ ਕੰਬੋਜ, ਪ੍ਰਵੀਨ ਕੰਬੋਜ, ਕਿ੍ਸ਼ਨ ਸ਼ੌਂਕੀ, ਦੇਸ ਰਾਜ ਐਡਵੋਕੇਟ, ਰਾਮ ਕਿ੍ਸ਼ਨ ਫ਼ਾਜ਼ਿਲਕਾ, ਆਸ਼ੂ ਕੰਬੋਜ, ਸਾਹਿਲ ਕੰਬੋਜ, ਬਲਕਾਰ ਜੋਸਨ, ਸੁਭਾਸ਼ ਕੰਬੋਜ ਸਲੇਮਸ਼ਾਹ ਬਿਸ਼ੰਬਰ ਸਾਮਾ ਆਦਿ ਵੱਡੀ ਗਿਣਤੀ ਵਿਚ ਵੱਖ ਵੱਖ ਓ.ਬੀ.ਸੀ ਆਗੂ ਮੌਜੂਦ ਸਨ |