ਅਬੋਹਰ, 14 ਅਪ੍ਰੈਲ(ਹੂੜੀਆ)-ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਅਬੋਹਰ ਦੀ ਨਵੀਂ ਅਨਾਜ ਮੰਡੀ ਵਿਚ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕਰਵਾ ਦਿੱਤੀ ਗਈ | ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ ਨੇ ਮੰਡੀ ਪਹੁੰਚ ਕੇ ਖ਼ਰੀਦ ਪ੍ਰਕਿਰਿਆ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਉਨ੍ਹਾਂ ਨੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਭਰੋਸਾ ਦਿਵਾਇਆ ਕਿ ਪੂਰੇ ਸੀਜ਼ਨ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਮੰਡੀ 'ਚ ਮੰਗਲਵਾਰ ਨੂੰ ਵੱਖ-ਵੱਖ ਆੜ੍ਹਤੀ ਫ਼ਰਮਾਂ 'ਤੇ ਸਰਕਾਰੀ ਏਜੰਸੀਆਂ ਨੇ 2585 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਖ਼ਰੀਦ ਸ਼ੁਰੂ ਕੀਤੀ | ਅਰੁਣ ਨਾਰੰਗ ਅਤੇ ਉਪਕਾਰ ਸਿੰਘ ਜਾਖੜ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਖ਼ਰੀਦ ਦੇ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਸਨ ਪਰ ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਸ਼ ਕਾਰਨ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਈ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਐੱਫ.ਸੀ.ਆਈ. ਵਲੋਂ ਅਜੇ ਤੱਕ 'ਲਸਟਰ ਲੋਸ' (ਚਮਕ ਘਟਣ) ਦੀ ਛੋਟ ਸਬੰਧੀ ਪੱਤਰ ਜਾਰੀ ਨਹੀਂ ਕੀਤਾ ਗਿਆ | ਜਦੋਂ ਤੱਕ ਕੇਂਦਰ ਸਰਕਾਰ ਪੱਤਰ ਜਾਰੀ ਨਹੀਂ ਕਰਦੀ, ਉਦੋਂ ਤੱਕ ਪੰਜਾਬ ਸਰਕਾਰ ਨੇ ਮਿਆਰਾਂ 'ਤੇ ਖਰੀ ਉੱਤਰਨ ਵਾਲੀ ਕਣਕ ਦੀ ਖ਼ਰੀਦ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ | ਮੰਡੀ ਅਧਿਕਾਰੀਆਂ ਨੇ ਦੱਸਿਆ ਕਿ 12% ਤੱਕ ਨਮੀ ਵਾਲੀ ਕਣਕ ਦੀ ਬੋਲੀ ਤੁਰੰਤ ਲਗਾਈ ਜਾਵੇਗੀ | ਬਿੱਲ ਕੱਟਣ ਦੇ 48 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਦੇ ਖਾਤਿਆਂ ਵਿਚ ਅਦਾਇਗੀ ਯਕੀਨੀ ਬਣਾਈ ਜਾਵੇਗੀ | ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਸੁਲੋਧ ਬਿਸ਼ਨੋਈ, ਸੁਮਿਤ ਅੱਤਰੀ ਸਮੇਤ ਵੱਡੀ ਗਿਣਤੀ ਵਿਚ ਆੜ੍ਹਤੀ ਕਰਨ ਵਧਵਾ, ਸੰਨੀ ਨਾਗਪਾਲ, ਸ਼ਾਮ ਲਾਲ ਚਰਾਇਆ ਅਤੇ ਮਾਰਕੀਟ ਕਮੇਟੀ ਦੇ ਕਰਮਚਾਰੀ ਹਾਜ਼ਰ ਸਨ |