17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਜਲਾਲਾਬਾਦ 'ਚ ਸਾਹਮਣੇ ਆਈ ਪੁਲਿਸ ਦੀ ਦਾਦਾਗਿਰੀ-ਕਾਰ ਖ਼ਰੀਦ ਕੇ ਲਿਜਾ ਰਹੇ ਨੌਜਵਾਨਾਂ ਨੂੰ ਜਬਰੀ ਹੱਥਕੜੀਆਂ ਲਗਾ ਕੇ ਕੀਤਾ ਤਸ਼ੱਦਦ, ਵਸੂਲੇ ਪੈਸੇ

ਅਜੀਤ ਡੈਸਕ 15-04-2026

ਜਲਾਲਾਬਾਦ, 14 ਅਪ੍ਰੈਲ (ਕਰਨ ਚੁਚਰਾ)-ਅਕਸਰ ਹੀ ਪੰਜਾਬ ਪੁਲਿਸ ਸੁਰਖ਼ੀਆਂ ਦਾ ਸ਼ਿੰਗਾਰ ਰਹਿੰਦੀ ਹੈ, ਨਵੇਂ ਅਤੇ ਤਾਜ਼ੇ ਮਾਮਲੇ ਵਿਚ ਜਲਾਲਾਬਾਦ ਸਦਰ ਪੁਲਿਸ ਸੁਰਖ਼ੀਆਂ ਵਿਚ ਆਈ ਹੈ | ਜਿਸ 'ਤੇ ਪਿੰਡ ਘੱਲੂ ਦੇ ਇਕ ਵਿਅਕਤੀ ਵਲੋਂ ਨਾਜਾਇਜ਼ ਤੌਰ 'ਤੇ ਕੁੱਟਮਾਰ ਕਰਨ ਅਤੇ ਉਸ ਤੋਂ ਜਬਰੀ ਪੈਸੇ ਵਸੂਲ ਕਰਨ ਦੇ ਦੋਸ਼ ਲਗਾਏ ਹਨ | ਪਿੰਡ ਘੱਲੂ ਦੇ ਰਹਿਣ ਵਾਲੇ ਜਬਰ ਸਿੰਘ ਨਾਂਅ ਦੇ ਵਿਅਕਤੀ ਨੇ ਦੋਸ਼ ਲਗਾਏ ਹਨ ਕਿ ਬੀਤੇ ਦਿਨੀਂ ਉਹ ਬਾਈ ਜੀ ਕਾਰ ਬਾਜ਼ਾਰ ਗੋਲੂ ਕੇ ਮੌੜ ਤੋਂ ਕਾਰ ਲੈਣ ਲਈ ਗਿਆ ਸੀ | ਉਸ ਨੇ ਹਾਂਡਾ ਸਿਟੀ ਕਾਰ ਜੋ ਕਿ ਟੈਕਸੀ ਯੂਨੀਅਨ 'ਚ ਪਾਉਣ ਲਈ ਖ਼ਰੀਦ ਕੀਤੀ ਸੀ, ਦੀ ਕੁੱਝ ਰਾਸ਼ੀ ਦੇ ਦਿੱਤੀ ਸੀ ਅਤੇ ਬਾਕੀ ਰਾਸ਼ੀ ਦਾ ਲੋਨ ਕਰਵਾਉਣਾ ਸੀ | ਉਹ ਆਪਣੇ ਤਿੰਨ ਹੋਰਨਾਂ ਸਾਥੀਆਂ ਨਾਲ ਗੱਡੀ ਲੈ ਕੇ ਜਦੋਂ ਘੱਲੂ ਜਾ ਰਿਹਾ ਸੀ ਤਾਂ ਜਲਾਲਾਬਾਦ ਤੋਂ ਬਾਹਰ ਨਿੱਕਲ ਕੇ ਚਾਹ ਪੀਣ ਲਈ ਉਹ ਕਿਸੇ ਹੋਟਲ 'ਤੇ ਰੁਕੇ ਤਾਂ ਇੰਨੇ ਵਿਚ ਹੀ ਇਕ ਪੁਲਿਸ ਵਾਲੀ ਗੱਡੀ ਆ ਕੇ ਰੁਕੀ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਗਲ਼ਮੇ ਤੋਂ ਫੜ ਲਿਆ ਅਤੇ ਕਿਹਾ ਕਿ ਇਸ ਗੱਡੀ 'ਤੇ ਤਾਂ ਕ੍ਰਾਈਮ ਹੋਇਆ ਹੈ ਹਰਿਆਣਾ ਨੰਬਰ ਇਹ ਗੱਡੀ 'ਤੇ ਤੁਸੀਂ ਹਥਿਆਰ ਸਪਲਾਈ ਕਰਨ ਲਈ ਆਏ ਹੋ | ਉਸ ਨੇ ਕਿਹਾ ਕਿ ਅਸੀਂ ਦੱਸਿਆ ਕਿ ਅਸੀਂ ਤਾਂ ਬਾਈ ਜੀ ਕਾਰ ਬਾਜ਼ਾਰ ਗੋਲੂ ਕਾ ਮੌੜ ਤੋਂ ਗੱਡੀ ਲੈ ਕੇ ਆ ਰਹੇ ਹਾਂ ਤਾਂ ਉਨ੍ਹਾਂ ਨੇ ਜਬਰੀ ਸਾਨੂੰ ਹੱਥਕੜੀਆਂ ਲਗਾ ਕੇ ਗੱਡੀ ਵਿਚ ਬਿਠਾ ਲਿਆ | ਉਸ ਨੇ ਦੋਸ਼ ਲਗਾਇਆ ਕਿ ਉਕਤ ਪੁਲਿਸ ਮੁਲਾਜ਼ਮਾਂ ਨੇ ਮੇਰੇ 'ਤੇ ਗੈਰ ਮਨੁੱਖੀ ਤਸ਼ਦੱਤ ਕਰਦਿਆਂ ਮੇਰੇ ਹੀ ਬੂਟ ਨਾਲ ਮੇਰਾ ਸਿਰ ਅਤੇ ਮੂੰਹ ਕੁੱਟਿਆ | ਉਸ ਨੇ ਦੱਸਿਆ ਕਿ ਮੇਰੇ ਨਾਲ ਦੇ ਸਾਥੀਆਂ ਨੇ ਜਦੋਂ ਕਿਹਾ ਕਿ ਇਸ ਦੀ ਲੱਤ ਟੁੱਟੀ ਹੋਈ ਹੈ, ਨਾ ਮਾਰੋ ਤਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਦੇ ਵੀ ਮਾਰਕੁੱਟ ਕੀਤੀ | ਉਸ ਤੋਂ ਬਾਅਦ ਉਨ੍ਹਾਂ ਨੇ ਸਾਡੇ ਤੋਂ ਪੈਸੇ ਦੀ ਮੰਗ ਕੀਤੀ | ਉਸ ਨੇ ਕਿਹਾ ਕਿ ਮੈ 25 ਹਜ਼ਾਰ ਰੁਪਏ ਨਗਦ ਅਤੇ 34 ਹਜ਼ਾਰ ਰੁਪਏ ਆਨਲਾਈਨ ਖਾਤੇ ਵਿਚ ਟਰਾਂਸਫ਼ਰ ਕੀਤੇ ਹਨ | ਫਿਰ ਜਾ ਕੇ ਮੇਰੇ ਪਰੂਫ਼ ਰੱਖ ਕੇ ਮੈਨੂੰ ਰਾਤ ਨੂੰ ਜਾਣ ਦਿੱਤਾ | ਉਸ ਨੇ ਕਿਹਾ ਕਿ ਜਦੋਂ ਤੱਕ ਮੇਰੇ ਪਰਿਵਾਰ ਨੇ ਖਾਤੇ ਵਿਚ ਪੈਸੇ ਨਹੀਂ ਪਾਏ ਤਾਂ ਉਹ ਸਾਨੂੰ ਗੱਡੀ ਵਿਚ ਬਿਠਾ ਕੇ ਸ਼ਹਿਰ ਅੰਦਰ ਘੁਮਾਉਂਦੇ ਰਹੇ | ਅਗਲੇ ਦਿਨ ਅਸੀਂ ਥਾਣਾ ਸਦਰ ਆਏ ਅਤੇ ਉਨ੍ਹਾਂ ਨੇ ਸਾਨੂੰ ਕੰਟੀਨ ਦੇ ਕੋਲ ਬਿਠਾ ਕੇ ਪੈਸੇ ਲਏ ਅਤੇ ਪਰੂਫ਼ ਸਾਨੂੰ ਦੇ ਦਿੱਤੇ ਅਤੇ ਇਹ ਵੀ ਕਿਹਾ ਕਿ ਤੁਸੀਂ ਕਹਿਣਾ ਕਿ ਮਾਮੂਲੀ ਐਕਸੀਡੈਂਟ ਹੋਇਆ ਹੈ, ਉਸ ਦੇ ਪੈਸੇ ਭਰੇ ਹਨ | ਉਸ ਨੇ ਕਿਹਾ ਕਿ ਪੁਲਿਸ ਵਲੋਂ ਮਾਰੀਆਂ ਸੱਟਾਂ ਕਾਰਨ ਉਸਨੂੰ ਸਿਰ ਤੋਂ ਵਾਲ ਕਟਵਾਉਣੇ ਪਏ ਹਨ | ਉਸ ਨੇ ਕਿਹਾ ਕਿ ਮੈਂ ਗਰੀਬ ਆਦਮੀ ਹਾਂ ਮੇਰੇ ਨਾਲ ਪੁਲਿਸ ਨੇ ਧੱਕੇਸ਼ਾਹੀ ਕੀਤੀ ਹੈ ਅਤੇ ਮੇਰੇ ਪਰਿਵਾਰ ਨੇ ਸੋਨਾ ਗਹਿਣੇ ਰੱਖ ਕੇ ਬੜੀ ਮਸ਼ੱਕਤ ਨਾਲ ਪੈਸੇ ਭੇਜੇ ਹਨ |
ਦੋਸ਼ੀ ਪਾਏ ਗਏ ਤਾਂ ਦਰਜ਼ ਹੋਵੇਗਾ ਪਰਚਾ, ਨਾਲ ਹੋਣਗੇ ਸਸਪੈਂਡ : ਵਿਧਾਇਕ ਗੋਲਡੀ ਕੰਬੋਜ
-ਜਦੋਂ ਇਸ ਮਾਮਲੇ ਸਬੰਧੀ ਵਿਧਾਇਕ ਜਗਦੀਪ ਕੰਬੋਜ ਗੋਲਡੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮੈ ਸਵੇਰੇ 6 ਵਜੇ ਇਹ ਵੀਡੀਓ ਦੇਖੀ ਅਤੇ ਮੈਸੇਜ ਪਾਇਆ ਕਿ ਮੈਨੂੰ ਪੀੜਤ ਬੰਦੇ ਦਾ ਫ਼ੋਨ ਨੰਬਰ ਭੇਜਿਆ ਜਾਵੇ, ਮੈਨੂੰ ਨੰਬਰ ਮਿਲਿਆ ਹੈ ਅਤੇ ਮੈ ਉਸ ਨਾਲ ਗੱਲਬਾਤ ਕੀਤੀ ਹੈ | ਉਨ੍ਹਾਂ ਕਿਹਾ ਕਿ ਮੈ ਐਸ.ਐਸ.ਪੀ. ਗੁਰਮੀਤ ਸਿੰਘ ਹੋਰਾਂ ਨਾਲ ਵੀ ਗੱਲ ਕਰ ਲਈ ਹੈ | ਜੋ ਵੀ ਦੋਸ਼ੀ ਪਾਇਆ ਜਾਂਦਾ ਹੈ, ਉਸ ਦੇ ਖ਼ਿਲਾਫ਼ ਕਾਰਵਾਈ ਹੋਵੇਗੀ ਭਾਂਵੇ ਕੋਈ ਵੀ ਹੋਵੇ | ਪਰਚਾ ਦਰਜ ਹੋਵੇਗਾ ਅਤੇ ਉਨ੍ਹਾਂ ਨੂੰ ਸਸਪੈਂਡ ਵੀ ਕੀਤਾ ਜਾਵੇਗਾ | ਕਾਨੂੰਨ ਸਭਨਾਂ ਲਈ ਬਰਾਬਰ ਹੈ, ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ |
ਨਾਜਾਇਜ਼ ਮਾਰਕੁੱਟ ਅਤੇ ਰਿਸ਼ਵਤ ਮੰਗਣ ਦੇ ਮਾਮਲੇ 'ਚ ਪੁਲਿਸ ਮੁਲਾਜ਼ਮ ਸਸਪੈਂਡ : ਡੀ.ਐਸ.ਪੀ.
-ਵੀਡੀਓ ਵਾਇਰਲ ਹੋਣ ਅਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਮਾਮਲੇ 'ਚ ਦਖ਼ਲ ਤੋਂ ਬਾਅਦ ਡੀ.ਐਸ.ਪੀ ਗੁਰਸੇਵਕ ਸਿੰਘ ਸਬ ਡਵੀਜ਼ਨ ਜਲਾਲਾਬਾਦ ਨੇ ਪੈੱ੍ਰਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਉਕਤ ਮਾਮਲੇ ਵਿਚ ਦੋਸ਼ੀ ਥਾਣਾ ਸਦਰ ਜਲਾਲਾਬਾਦ ਦੇ ਮੁਲਾਜ਼ਮ ਜਸਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਕੇ ਵਿਭਾਗੀ ਕਰਵਾਈ ਆਰੰਭ ਦਿੱਤੀ ਹੈ | ਜਦੋਂ ਕਿ ਦੂਜੇ ਹੋਮ ਗਾਰਡ ਦੇ ਜਵਾਨਾਂ ਕੇਵਲ ਕ੍ਰਿਸ਼ਨ ਅਤੇ ਹਰਬੰਸ ਸਿੰਘ ਬਾਰੇ ਹੋਮ ਗਾਰਡ ਦੇ ਸੀਨੀਅਰ ਅਧਿਕਾਰੀਆਂ ਨੂੰ ਲਿਖ ਕੇ ਭੇਜ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਸਭਨਾਂ ਲਈ ਬਰਾਬਰ ਹੈ | ਕਾਨੂੰਨ ਖ਼ਿਲਾਫ਼ ਚੱਲਣ ਵਾਲੇ 'ਤੇ ਸਖ਼ਤ ਐਕਸ਼ਨ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਉਕਤ ਮੁਲਾਜ਼ਮਾਂ ਦੀਆਂ ਜੇਕਰ ਪਹਿਲਾਂ ਵੀ ਕੋਈ ਸ਼ਿਕਾਇਤਾਂ ਹੋਈਆਂ ਤਾਂ ਉਨ੍ਹਾਂ ਨੂੰ ਵੀ ਧਿਆਨ ਵਿਚ ਰੱਖ ਕੇ ਕਾਰਵਾਈ ਹੋਵੇਗੀ |

ਪਿਛਲੀ ਖ਼ਬਰ ਸਾਲਾਨਾ ਜੋੜ ਮੇਲੇ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸਮਾਧ ਬਾਬਾ ਸਰੂਪ ਦਾਸ ਵਿਖੇ ਲਗਵਾਈ ਹਾਜ਼ਰੀ ਅਗਲੀ ਖ਼ਬਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਧੂਮਧਾਮ ਨਾਲ ਮਨਾਈ 135ਵੀਂ ਡਾ. ਅੰਬੇਡਕਰ ਜੈਅੰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।