ਮੰਡੀ ਅਰਨੀਵਾਲਾ, 1 ਅਪ੍ਰੈਲ(ਨਿਸ਼ਾਨ ਸਿੰਘ ਮੋਹਲਾ)-ਹਲਕਾ ਜਲਾਲਾਬਾਦ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਹੰਸ ਰਾਜ ਜੋਸਨ ਨੇ ਬੀਤੇ ਕੱਲ ਬਾਰਸ਼ ,ਤੇਜ਼ ਹਵਾਵਾਂ ਅਤੇ ਗੜੇ੍ਹਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਤੁਰੰਤ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ | ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਅੱਜ ਫ਼ਾਜ਼ਿਲਕਾ ਵਿਖੇ ਪੁੱਜ ਰਹੇ ਹਨ, ਨੂੰ ਚਾਹੀਦਾ ਹੈ ਕਿ ਹਲਕੇ ਵਿਚ ਹੋਏ ਕਿਸਾਨਾਂ ਦੇ ਨੁਕਸਾਨ ਲਈ ਸਪੈਸ਼ਲ ਗਿਰਦਾਵਰੀ ਕਰਵਾਏ ਜਾਣ ਦੇ ਹੁਕਮ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਦੇਣ | ਸਾਬਕਾ ਮੰਤਰੀ ਜੋਸਨ ਨੇ ਕਿਹਾ ਕਿ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ | ਕਿਸਾਨਾਂ ਦੀ ਪੱਕ ਕੇ ਤਿਆਰ ਹੋ ਚੁੱਕੀ ਫਸਲ ਬਾਰਸ਼ ਅਤੇ ਗੜੇਮਾਰੀ ਦੀ ਭੇਟ ਚੜ ਗਈ ਹੈ | ਜਿਸ ਕਰਕੇ ਕਿਸਾਨਾਂ ਦੇ ਹੋਏ ਨੁਕਸਾਨ ਲਈ ਪ੍ਰਤੀ ਏਕੜ 50 ਹਜ਼ਾਰ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ |