21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਗੜੇਮਾਰੀ ਨਾਲ ਕਣਕ ਦੀ ਤਬਾਹੀ ਤੋਂ ਬਾਅਦ ਕਿਸਾਨਾਂ 'ਚ ਮਚੀ ਹਾਹਾਕਾਰ

ਅਜੀਤ ਡੈਸਕ 02-04-2026
ਫ਼ਾਜ਼ਿਲਕਾ, 1ਅਪ੍ਰੈਲ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਜੰਮਿਆ ਨੂੰ ਨਿੱਤ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਭਾਵੇਂ ਇਹ ਮਾਮਲਾ ਅੰਤਰਰਾਸ਼ਟਰੀ ਸਰਹੱਦ 'ਤੇ ਦੋਵੇਂ ਦੇਸ਼ਾਂ ਵਿਚਕਾਰ ਬਣੇ ਤਣਾਅ ਨੂੰ ਲੈ ਕੇ ਹੋਵੇ ਜਾ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਪੰਜਾਬ ਦਾ ਕਿਸਾਨ ਹੋਵੇ | ਪੰਜਾਬ ਦੀ 80 ਪ੍ਰਤੀਸ਼ਤ ਤੋਂ ਵੱਧ ਵਸੋਂ ਖੇਤੀ ਦਾ ਕਾਰੋਬਾਰ ਕਰਦੀ ਹੈ | ਫ਼ਸਲ ਉਤਪਾਦਨ ਮੌਸਮ ਦੇ ਹਿਸਾਬ ਨਾਲ ਹੁੰਦਾ ਹੈ | ਤਾਪਮਾਨ ਦਾ ਵਧਣਾ ਘਟਣਾ, ਸਮੇਂ ਸਿਰ ਵਰਖਾ ਨਾ ਪੈ ਕੇ ਬੇਮੌਸਮੀ ਵਰਖਾ ਦਾ ਹੋਣਾ ਅਤੇ ਗੜੇਮਾਰ ਆਦਿ ਕਿਸਾਨ ਦੇ ਲਈ ਇਕ ਘਾਤਕ ਕੁਦਰਤੀ ਕਰੋਪੀ ਹੁੰਦੀ ਹੈ | ਹਾੜੀ ਦੀ ਮੁੱਖ ਫ਼ਸਲ ਕਣਕ ਇਸ ਸਾਲ ਪੈਦਾਵਾਰ ਵਜੋਂ ਜੋਬਨ 'ਤੇ ਖੜੀ ਸੀ, ਕਿਸਾਨ ਫ਼ਸਲ ਵੇਖ ਕੇ ਕੁੱਝ ਹੌਸਲੇ ਵਿਚ ਆਉਂਦਾ ਸੀ ਕਿ ਸ਼ਾਇਦ ਉਸ ਦੀ ਇਸ ਵਾਰ ਕਿਸਮਤ ਬਦਲ ਜਾਵੇ | ਪਿਛਲੇ ਇਕ ਹਫ਼ਤੇ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਪੈ ਰਹੀ ਬੇਮੌਸਮੀ ਵਰਖਾ ਨੇ 31 ਮਾਰਚ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲਿ੍ਹਆਂ ਅੰਦਰ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਗੜੇਮਾਰੀ ਨੇ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ | ਕਿਸਾਨ ਜਿਸ ਫ਼ਸਲ ਨੂੰ ਖੜ੍ਹੀ ਦੇਖ ਕੇ ਭਵਿੱਖ ਦੇ ਕਈ ਸੁਪਨੇ ਸੰਜੋਈ ਬੈਠਾ ਸੀ ਮਿੰਟਾਂ ਵਿਚ ਢਹਿ ਢੇਰੀ ਹੋ ਗਏ | ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਭੁੰਨ, ਬੰਨਵਾਲਾ, ਟਾਹਲੀ ਵਾਲਾ ਬੋਦਲਾ, ਅਰਨੀਵਾਲਾ, ਮੁਰਾਦ ਵਾਲਾ ਦਲ ਸਿੰਘ, ਬਜੀਦਪੁਰ ਕੱਟਿਆਂਵਾਲੀ, ਸਿੰਘਪੁਰਾ, ਕਿੱਕਰ ਵਾਲਾ, ਕਟਹਿੜਾ, ਝੁੰਮਿਆਵਾਲੀ, ਮੰਮੂ ਖੇੜਾ ਖਾਟਵਾ, ਸਜਰਾਣਾ, ਬੰਦੀ ਵਾਲਾ, ਕੌੜਿਆਂ ਵਾਲੀ, ਵੈਰੋ ਕੀ, ਰੋੜਾਂਵਾਲੀ, ਨੁਕੇਰੀਆਂ ਆਦਿ ਪਿੰਡਾਂ ਅੰਦਰ ਦੁਪਹਿਰ ਸਮੇਂ ਚੜ੍ਹੇ ਕਾਲੇ ਬੱਦਲ ਨੇ ਕੁੱਝ ਹੀ ਸਮੇਂ ਅੰਦਰ ਕਿਸਾਨਾਂ ਦੀ ਕਿਸਮਤ ਬਦਲ ਦਿੱਤੀ | ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਹੱਡ ਭੰਨਵੀਂ ਮਿਹਨਤ ਕਰਕੇ ਕਣਕ ਦੀ ਫ਼ਸਲ ਨੂੰ ਪਾਲਿਆ | ਕਣਕ ਦੀ ਬਿਜਾਈ ਤੋਂ ਲੈ ਕੇ ਹੁਣ ਤੱਕ ਫ਼ਸਲ 'ਤੇ ਭਾਰੀ ਖ਼ਰਚੇ ਕੀਤੇ ਪਰ ਗੜ੍ਹੇਮਾਰੀ ਕਾਰਨ ਜੋ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਗਈ ਉਸ ਦਾ ਝਾੜ ਘੱਟ ਨਿਕਲਣਾ ਸੁਭਾਵਿਕ ਹੈ | ਗੜਿਆਂ ਦੇ ਨਾਲ ਕਣਕ ਦੇ ਲੱਗੇ ਸਿੱਟੇ ਝੰਬੇ ਗਏ | ਕਿਸਾਨਾਂ ਨੇ ਮੰਗ ਕੀਤੀ ਕਿ ਚੋਣਾਂ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਨੂੰ ਬੜੇ ਵੱਡੇ-ਵੱਡੇ ਸੁਪਨੇ ਦਿਖਾਉਂਦੇ ਹਨ, ਜਦ ਕਿਸਾਨ 'ਤੇ ਮੁਸੀਬਤ ਪੈਂਦੀ ਹੈ ਤਾਂ ਉਸ ਦੇ ਹੱਕ ਵਿਚ ਬੋਲਣ ਲਈ ਸਿਆਸੀ ਆਗੂਆਂ ਦੇ ਬੁੱਲ੍ਹ ਹੀ ਸੀਤੇ ਜਾਂਦੇ ਹਨ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਿਨਾਂ ਕਿਸੇ ਦੇਰੀ 'ਤੇ ਤੁਰੰਤ ਖ਼ਰਾਬੇ ਦੀ ਗਿਰਦਾਵਰੀ ਕਰਵਾਏ ਅਤੇ ਕਿਸਾਨਾਂ ਦੀ ਆਰਥਿਕ ਭਰਪਾਈ ਖ਼ਰਚਿਆਂ ਮੁਤਾਬਿਕ ਪੂਰੀ ਕਰੇ |
ਪਿਛਲੀ ਖ਼ਬਰ ਮੌਜਗੜ੍ਹ ਨੇੜੇ ਸੜਕ ਹਾਦਸੇ ਵਿਚ ਵਿਅਕਤੀ ਦੀ ਮੌਤ ਅਗਲੀ ਖ਼ਬਰ ਰੁਜ਼ਗਾਰ ਦੇ ਸੰਕਟ ਨੂੰ ਲੈ ਕੇ 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨਾਂ ਅੱਜ ਫ਼ਾਜ਼ਿਲਕਾ ਵਿਖੇ ਮੁੱਖ ਮੰਤਰੀ ਕੋਲ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।