ਫ਼ਾਜ਼ਿਲਕਾ, 1 ਅਪ੍ਰੈਲ (ਅਮਰਜੀਤ ਸ਼ਰਮਾ)-ਉਚੇਰੀ ਸਿੱਖਿਆ ਅਤੇ ਰੁਜ਼ਗਾਰ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਮਾਲਵਾ ਇਕਾਈ ਦੇ 1158 ਭਰਤੀ ਅਧੀਨ ਨਿਯੁਕਤ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਅੱਜ ਫ਼ਾਜ਼ਿਲਕਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਦੌਰਾਨ ਆਪਣੀਆਂ ਮੰਗਾਂ ਸਬੰਧੀ ਗੁਹਾਰ ਲਾਉਣ ਦਾ ਫ਼ੈਸਲਾ ਕੀਤਾ ਹੈ | ਅੱਜ ਵੱਖ-ਵੱਖ ਸਰਕਾਰੀ ਕਾਲਜਾਂ ਵਿਚ ਹੋਈਆਂ ਮੀਟਿੰਗਾਂ ਦੌਰਾਨ ਸੂਬਾ ਪੱਧਰੀ ਟੀਮ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਇਹ ਫ਼ੈਸਲਾ ਲਿਆ ਗਿਆ | ਪ੍ਰੋਫ਼ੈਸਰਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਵਲੋਂ ਵਿਭਾਗੀ ਨਲਾਇਕੀਆਂ ਕਾਰਨ 1158 ਭਰਤੀ ਰੱਦ ਹੋਣ ਪਿੱਛੋਂ ਸਰਕਾਰੀ ਕਾਲਜਾਂ ਵਿਚ ਸਿੱਖਿਆ ਦਾ ਸੰਕਟ ਹੋਰ ਗਹਿਰਾ ਹੋ ਗਿਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਉਨ੍ਹਾਂ ਦੀ ਬਾਂਹ ਫੜਨ ਦੀ ਬਜਾਏ 'ਨਾਦਰਸ਼ਾਹੀ' ਰਵੱਈਆ ਅਪਣਾ ਰਹੇ ਹਨ | ਪ੍ਰੋਫ਼ੈਸਰਾਂ ਦੀਆਂ ਬਣਦੀਆਂ ਕਮਾਈ, ਮੈਡੀਕਲ ਅਤੇ ਪੈਟਰਨਿਟੀ ਛੁੱਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ | ਪਿਛਲੇ ਪੰਜ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਦੂਰ-ਦੁਰਾਡੇ ਸੇਵਾਵਾਂ ਨਿਭਾ ਰਹੇ ਇਹ ਅਧਿਕਾਰੀ ਆਰਥਿਕ ਮਾਰ ਝੱਲ ਰਹੇ ਹਨ | ਪ੍ਰੋਫ਼ੈਸਰ ਜਸਕਰਨ ਸਿੰਘ ਨੇ ਕਿਹਾ ਕਿ 'ਆਪ' ਸਰਕਾਰ ਦੀ ਸਿੱਖਿਆ ਕ੍ਰਾਂਤੀ ਵਿਚੋਂ ਉਚੇਰੀ ਸਿੱਖਿਆ ਦਾ ਮਸਲਾ ਗ਼ਾਇਬ ਹੈ | ਉਨ੍ਹਾਂ ਕਿਹਾ ਕਿ ਸਰਕਾਰ ਕਿਊਰੇਟਿਵ ਪਟੀਸ਼ਨ ਦਾਇਰ ਕਰਨ ਜਾਂ ਵਿਧਾਨ ਸਭਾ ਵਿਚ ਐਕਟ ਬਣਾ ਕੇ ਰੁਜ਼ਗਾਰ ਸੁਰੱਖਿਅਤ ਕਰਨ ਦੀ ਥਾਂ, ਉਨ੍ਹਾਂ ਨੂੰ ਬਾਹਰ ਕੱਢਣ ਦੀਆਂ ਸਾਜ਼ਿਸ਼ਾਂ ਘੜ ਰਹੀ ਹੈ | ਸਿੱਖਿਆ ਮੰਤਰੀ ਲਗਾਤਾਰ ਮੀਟਿੰਗਾਂ ਦਾ ਭਰੋਸਾ ਦੇ ਕੇ ਮੁੱਕਰ ਰਹੇ ਹਨ | ਪ੍ਰੋਫ਼ੈਸਰ ਰੇਣੂ ਬਾਲਾ ਨੇ ਕਿਹਾ ਕਿ ਜੇਕਰ 2 ਅਪ੍ਰੈਲ ਨੂੰ ਤੈਅ ਹੋਈ ਮੀਟਿੰਗ ਤੋਂ ਸਿੱਖਿਆ ਮੰਤਰੀ ਮੁੜ ਮੁੱਕਰਦੇ ਹਨ ਤਾਂ ਸਰਕਾਰ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ | ਅੱਜ ਦੀ ਮੀਟਿੰਗ ਵਿਚ ਐੱਮ.ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ, ਸੁਖਚੈਨ, ਜਲਾਲਾਬਾਦ, ਅਬੋਹਰ, ਫ਼ਰੀਦਕੋਟ, ਬਠਿੰਡਾ ਅਤੇ ਮੁਕਤਸਰ ਸਮੇਤ ਕਈ ਕਾਲਜਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਡਿਪਟੀ ਕਮਿਸ਼ਨਰਾਂ ਤੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ |