ਜਲਾਲਾਬਾਦ, 5 ਅਪ੍ਰੈਲ (ਕਰਨ ਚੁਚਰਾ)- ਫ਼ਾਜ਼ਿਲਕਾ ਫਿਰੋਜ਼ਪੁਰ ਰੋਡ ਦੀ ਖਸਤਾ ਹਾਲਤ ਤੇ ਅੱਜ ਵਰਖਾ ਤੋਂ ਬਾਅਦ ਵੱਖ ਵੱਖ ਹਾਦਸੇ ਹੋ ਗਏ, ਖ਼ੁਸ਼ਕਿਸਮਤੀ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ | ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਸੁਆਗਤੀ ਪੁਆਇੰਟ 'ਤੇ ਤੜਕੇ ਦੋ ਹਾਦਸੇ ਹੋ ਗਏ | ਬੱਸ ਅੱਡੇ ਦੇ ਸਾਹਮਣੇ ਇਕ ਖਲ ਦੀਆਂ ਬੋਰੀਆਂ ਨਾਲ ਭਰੀ ਟਰਾਲੀ ਫ਼ਿਰੋਜ਼ਪੁਰ ਵਾਲੀ ਸਾਈਡ ਜਾ ਰਹੀ ਸੀ | ਵਰਖਾ ਕਾਰਨ ਇੱਥੇ ਪਾਣੀ ਖੜ੍ਹਾ ਹੋ ਗਿਆ ਅਤੇ ਖੱਡੇ ਦਿਖਾਈ ਦੇਣੇ ਬੰਦ ਹੋ ਗਏ | ਜਿਸ ਕਾਰਨ ਡਰਾਈਵਰ ਨੂੰ ਪਤਾ ਨਹੀਂ ਚੱਲ ਪਾਇਆ ਅਤੇ ਟਰਾਲੀ ਦਾ ਟਾਇਰ ਸਿੱਧਾ ਖੱਡੇ ਵਿਚ ਜਾ ਪਿਆ ਜਿਸ ਨਾਲ ਟਰਾਲੀ ਪਲਟ ਗਈ | ਜਿਸ ਸਮੇਂ ਟਰਾਲੀ ਪਲਟੀ, ਉਸ ਸਮੇਂ ਨੇੜੇ ਖੜ੍ਹੀ ਕਾਰ ਦੇ ਉੱਪਰ ਟਰਾਲੀ ਪਲਟਣ ਕਾਰਨ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ, ਕੋਲ ਖੜ੍ਹੇ ਲੋਕਾਂ ਨੇ ਭੱਜ ਕੇ ਜਾਨ ਬਚਾਈ | ਇਸੇ ਤਰ੍ਹਾਂ ਇਸ ਤੋਂ ਪਹਿਲਾਂ ਇਕ ਮਾਲ ਨਾਲ ਭਰਿਆ ਟਰਾਲਾ ਵੀ ਇਨ੍ਹਾਂ ਖੱਡਿਆਂ ਵਿਚ ਜਾ ਵੱਜਿਆ | ਜਿਸ ਨਾਲ ਕਾਫ਼ੀ ਵੱਡਾ ਜਾਨੀ ਨੁਕਸਾਨ ਹੋਣੋਂ ਟੱਲ ਲਿਆ | ਦੱਸਣਯੋਗ ਹੈ ਕਿ ਇਸ ਰੋਡ 'ਤੇ 2-3 ਸਕੂਲ ਪੈਂਦੇ ਹਨ, ਜਿੱਥੋਂ ਬੱਚੇ ਆਉਂਦੇ-ਜਾਂਦੇ ਹਨ , ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਜਲਾਲਾਬਾਦ ਵਾਸੀਆਂ ਦੀ ਮੰਗ ਹੈ ਕਿ ਇਸ ਬੰਦੇ ਖਾਣੀ ਰੋਡ ਨੂੰ ਚੌੜਾ ਕਰਕੇ ਚਾਰ ਮਾਰਗੀ ਬਣਾਇਆ ਜਾਵੇ ਤਾਂ ਜੋ ਇਸ ਤਰ੍ਹਾਂ ਨਾਲ ਹੁੰਦੇ ਹਾਦਸਿਆਂ ਤੋਂ ਬਚਿਆ ਜਾ ਸਕੇ |