ਬੱਲੂਆਣਾ, 1 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਨਹਿਰੀ ਵਿਭਾਗ ਦੀ ਲਾਪਰਵਾਹੀ ਕਾਰਨ ਲੰਬੀ ਮਾਈਨਰ ਨਹਿਰ 'ਤੇ ਪੈਂਦੇ ਕਰੀਬ ਡੇਢ ਦਰਜਨ ਪਿੰਡਾਂ ਦੇ ਕਿਸਾਨਾਂ ਨੂੰ ਲਗਾਤਾਰ ਨਹਿਰ ਟੁੱਟਣ ਦੀ ਮਾਰ ਝੱਲਣੀ ਪੈ ਰਹੀ ਹੈ | ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਲੰਬੀ ਮਾਈਨਰ ਨਹਿਰ ਵਿਚ ਨਹਿਰੀ ਵਿਭਾਗ ਵਲੋਂ ਬੇ-ਅਥਾਹ ਪਾਣੀ ਛੱਡਿਆ ਗਿਆ ਜਿਸ ਕਾਰਨ ਸੋਮਵਾਰ ਸ਼ਾਮ ਨੂੰ ਲੰਬੀ ਮਾਈਨਰ ਨਹਿਰ ਪਿੰਡ ਖੈਰਪੁਰ ਕੋਲ ਟੁੱਟ ਗਈ ਅਤੇ ਸੋਮਵਾਰ ਰਾਤ ਅਤੇ ਅਗਲੇ ਦੋ ਦਿਨ ਵਾਲੇ ਕਿਸਾਨਾਂ ਦੀਆਂ ਕੀਮਤੀ ਵਾਰੀਆਂ ਖ਼ਾਲੀ ਚਲੀਆਂ ਗਈਆਂ | ਕਿਸਾਨਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਤਨਾ ਓਵਰਲੋਡ ਪਾਣੀ ਛੱਡਣ ਨਾਲ ਨਹਿਰ ਟੁੱਟੇਗੀ ਤਾਂ ਨਹਿਰ ਦੀ ਰਾਖੀ ਕਰਨ ਵਾਲੇ ਸਬੰਧਿਤ ਕਰਮਚਾਰੀਆਂ ਦਾ ਧਿਆਨ ਇਸ ਗੱਲ ਵੱਲ ਕਿਉਂ ਨਹੀਂ ਗਿਆ | ਕਿਸਾਨਾਂ ਨੇ ਦੱਸਿਆ ਕਿ ਜੇਕਰ ਮਹਿਕਮਾ ਚਾਹੁੰਦਾ ਤਾਂ ਸੋਮਵਾਰ ਨੂੰ ਰਾਤੋਂ ਰਾਤ ਨਹਿਰ ਬੰਨ੍ਹ ਕੇ ਅਗਲੇ ਦੋ ਦਿਨਾਂ ਦੀਆਂ ਕਿਸਾਨਾਂ ਦੀਆਂ ਵਾਰੀਆਂ ਲੱਗ ਸਕਦੀਆਂ ਸਨ, ਪਰ ਲੰਬੀ ਮਾਈਨਰ ਨਹਿਰ ਦਾ ਜਿਵੇਂ ਕੋਈ ਬਾਲੀ ਵਾਰਸ ਨਾ ਹੋਵੇ ਇੰਜ ਜਾਪ ਰਿਹਾ ਹੈ | ਬਾਗ਼ਾਂ ਦਾ ਏਰੀਆ ਹੋਣ ਕਾਰਨ ਇੱਥੇ ਨਹਿਰੀ ਪਾਣੀ ਦੀ ਤਾਂ ਪਹਿਲਾਂ ਹੀ ਘਾਟ ਰਹਿੰਦੀ ਹੈ ਪਰ ਨਹਿਰ ਟੁੱਟਣ ਨਾਲ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੁੰਦਾ ਹੈ | ਇਸ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹ ਕੋਈ ਭਰੋਸੇਯੋਗ ਜਵਾਬ ਨਹੀਂ ਦੇ ਸਕੇ | ਕਿਸਾਨਾਂ ਨੇ ਕਿਹਾ ਕਿ ਵੱਧ ਪਾਣੀ ਛੱਡ ਕੇ ਕੁੱਝ ਕੁ ਕਿਸਾਨਾਂ ਨੂੰ ਵੱਧ ਪਾਣੀ ਦੇਣ ਦੀ ਮਨਸਾ ਨਹਿਰੀ ਵਿਭਾਗ ਦੀ ਵੱਡੀ ਲਾਪਰਵਾਹੀ ਹੈ |