03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਫ਼ਾਜ਼ਿਲਕਾ 'ਚ ਵਿਸ਼ਾਲ ਟਰੈਕਟਰ ਮਾਰਚ

ਅਜੀਤ ਡੈਸਕ 28-01-2026
ਫ਼ਾਜ਼ਿਲਕਾ, 27 ਜਨਵਰੀ (ਦਵਿੰਦਰ ਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਫ਼ਾਜ਼ਿਲਕਾ ਵਿਖੇ ਵੱਖ-ਵੱਖ ਕਿਸਾਨ ਅਤੇ ਟਰੇਡ ਯੂਨੀਅਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਦੀਆਂ ਕਥਿਤ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਵਿਸ਼ਾਲ ਟਰੈਕਟਰ ਤੇ ਮੋਟਰਸਾਈਕਲ ਮਾਰਚ ਕੱਢਿਆ ਗਿਆ | ਸਥਾਨਕ ਦਾਣਾ ਮੰਡੀ ਤੋਂ ਸ਼ੁਰੂ ਹੋਇਆ ਇਹ ਮਾਰਚ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਸ਼ਾਸਤਰੀ ਚੌਕ ਵਿਖੇ ਸਮਾਪਤ ਹੋਇਆ, ਜਿੱਥੇ ਇਕ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ | ਆਗੂਆਂ ਨੇ ਮੰਗ ਕੀਤੀ ਕਿ ਕਾਰਪੋਰੇਟ ਪੱਖੀ ਬਿਜਲੀ ਸੋਧ ਬਿੱਲ ਤੁਰੰਤ ਵਾਪਸ ਲਿਆ ਜਾਵੇ, ਨਵੇਂ ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਮਨਰੇਗਾ ਕਾਨੂੰਨ ਨੂੰ ਅਸਲ ਰੂਪ ਵਿਚ ਬਹਾਲ ਕੀਤਾ ਜਾਵੇ, ਖੇਤੀ ਲਈ ਲਿਆਂਦਾ ਜਾ ਰਿਹਾ ਨਵਾਂ ਬੀਜ ਸੋਧ ਬਿੱਲ ਰੱਦ ਹੋਵੇ | ਇਸ ਮਾਰਚ ਦੀ ਅਗਵਾਈ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਹਰੀਸ਼ ਕੰਬੋਜ, ਸਕੱਤਰ ਕਾਮਰੇਡ ਵਣਜਾਰ ਸਿੰਘ, ਬੀ.ਕੇ.ਯੂ.(ਏਕਤਾ ਉਗਰਾਹਾਂ) ਦੇ ਗੁਰਮੀਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਰਮੇਸ਼ ਵਡੇਰਾ, ਅਮਰ ਸਿੰਘ ਲਾਧੂਕਾ ਅਤੇ ਹੋਰ ਪ੍ਰਮੁੱਖ ਆਗੂਆਂ ਨੇ ਕੀਤੀ | ਦਾਣਾ ਮੰਡੀ ਤੋਂ ਰਵਾਨਾ ਹੋ ਕੇ ਇਹ ਮਾਰਚ ਮਲੋਟ ਚੌਕ, ਬੱਸ ਅੱਡਾ, ਹੋਟਲ ਬਾਜ਼ਾਰ, ਸਾਈਕਲ ਬਾਜ਼ਾਰ, ਸਰਾਫ਼ਾ ਬਾਜ਼ਾਰ ਅਤੇ ਘੰਟਾ ਘਰ ਹੁੰਦਾ ਹੋਇਆ ਸ਼ਾਸਤਰੀ ਚੌਕ ਪਹੁੰਚਿਆ | ਸ਼ਾਸਤਰੀ ਚੌਕ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਟਰੇਡ ਯੂਨੀਅਨ ਆਗੂ ਕਾਮਰੇਡ ਹਰਭਜਨ ਸਿੰਘ ਖੁੰਗਰ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਅਮਰੀਕੀ ਸਾਮਰਾਜ ਅਤੇ ਕਾਰਪੋਰੇਟ ਪੱਖੀ ਦੱਸਦਿਆਂ ਸਖ਼ਤ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਦੇਸ਼ ਦੀ 50% ਦੌਲਤ ਸਿਰਫ਼ 1% ਅਮੀਰ ਲੋਕਾਂ ਕੋਲ ਸਿਮਟ ਗਈ ਹੈ, ਜਿਸ ਕਾਰਨ ਆਮ ਜਨਤਾ ਦਾ ਜੀਵਨ ਨਰਕ ਬਣ ਰਿਹਾ ਹੈ | ਉਨ੍ਹਾਂ ਨੇ ਸਮੂਹ ਜਥੇਬੰਦੀਆਂ ਨੂੰ 12 ਫਰਵਰੀ 2026 ਨੂੰ ਹੋਣ ਜਾ ਰਹੀ ਦੇਸ਼-ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਕਾਮਰੇਡ ਦੀਵਾਨ ਸਿੰਘ, ਵਜ਼ੀਰ ਚੰਦ, ਬਖ਼ਤਾਵਰ ਸਿੰਘ (ਪੱਲੇਦਾਰ ਯੂਨੀਅਨ), ਮਲਕੀਤ ਸਿੰਘ (ਟੀ.ਐੱਸ.ਯੂ.), ਨਾਨਕ ਸਿੰਘ (ਖੇਤ ਮਜ਼ਦੂਰ ਸਭਾ), ਬਲਬੀਰ ਸਿੰਘ ਆਲਮਸ਼ਾਹ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ | ਬੁਲਾਰਿਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰਾਂ ਆਪਣੀਆਂ ਮਜ਼ਦੂਰ ਤੇ ਕਿਸਾਨ ਵਿਰੋਧੀ ਨੀਤੀਆਂ ਵਾਪਸ ਨਹੀਂ ਲੈਂਦੀਆਂ, ਸੰਘਰਸ਼ ਜਾਰੀ ਰਹੇਗਾ |
ਪਿਛਲੀ ਖ਼ਬਰ ਜਲਾਲਾਬਾਦ 'ਚ ਕਿਸਾਨਾਂ ਵਲੋਂ ਵਿਸ਼ਾਲ ਟਰੈਕਟਰ ਮਾਰਚ ਅਗਲੀ ਖ਼ਬਰ ਕੰਪਿਊਟਰ ਅਧਿਆਪਕਾਂ ਵਲੋਂ 'ਮਿਸ਼ਨ 2027' ਹਰ ਹਲਕੇ ਤੇ ਸਰਕਾਰੀ ਸਮਾਗਮ 'ਚ ਪੁੱਜਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।