ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਲਈ ਇਹ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਪੀ.ਜੀ. ਅਰਥ ਸ਼ਾਸਤਰ ਵਿਭਾਗ ਦੀਆਂ ਵਿਦਿਆਰਥਣਾਂ ਕਾਜਲਪ੍ਰੀਤ ਕੌਰ ਅਤੇ ਅਪਨੀਤ ਕੌਰ ਨੇ ਯੂ.ਜੀ.ਸੀ. ਨੈੱਟ 2026 ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ ਹੈ। ਕਾਜਲਪ੍ਰੀਤ ਕੌਰ ਨੇ ਇਸੇ ਕਾਲਜ ਤੋਂ ਬੀ.ਐੱਸ.ਸੀ. (ਅਰਥ ਸ਼ਾਸਤਰ) ਤੇ ਐੱਮ.ਏ. (ਅਰਥ ਸ਼ਾਸਤਰ) ਦੀ ਪੜ੍ਹਾਈ ਕੀਤੀ ਹੈ। ਉਹ ਬੀ.ਐੱਸ.ਸੀ. (ਅਰਥ ਸ਼ਾਸਤਰ) ਵਿਚ ਸਟੇਟ ਮੈਰਿਟ ਐਵਾਰਡੀ ਤੇ ਗੋਲਡ ਮੈਡਲਿਸਟ ਵੀ ਰਹੀ ਹੈ। ਵਰਤਮਾਨ ਵਿਚ ਉਹ ਸਾਡੇ ਕਾਲਜ ਵਿਚ ਅਰਥ ਸ਼ਾਸਤਰ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਅਪਨੀਤ ਕੌਰ, ਜੋ ਕਿ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਦੀ ਸਾਬਕਾ ਵਿਦਿਆਰਥਣ ਹੈ, ਨੇ ਵੀ ਯੂ.ਜੀ.ਸੀ. ਨੈੱਟ 2026 ਦੀ ਪ੍ਰੀਖਿਆ ਪਾਸ ਕਰ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਉਸ ਨੇ ਵੀ ਇਸ ਸੰਸਥਾ ਤੋਂ ਐੱਮ.ਏ. (ਅਰਥ ਸ਼ਾਸਤਰ) ਦੀ ਡਿਗਰੀ ਪ੍ਰਾਪਤ ਕੀਤੀ ਹੈ। ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਸਮੁੱਚੇ ਆਰ.ਆਰ. ਬਾਵਾ ਪਰਿਵਾਰ ਵਲੋਂ ਕਾਜਲਪ੍ਰੀਤ ਕੌਰ ਅਤੇ ਅਪਨੀਤ ਕੌਰ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।