30 ਸਾਲ ਬਾਅਦ ਵੀ ਸਰਹੱਦੀ ਪਿੰਡ ਬਮਿਆਲ ਨੂੰ ਨਹੀਂ ਮਿਲੀ ਪਾਣੀ ਵਾਲੀ ਟੈਂਕੀ
ਬਮਿਆਲ, 8 ਅਗਸਤ (ਰਕੇਸ਼ ਸ਼ਰਮਾ)-ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ’ਤੇ ਸਥਿਤ ਸਰਹੱਦੀ ਪਿੰਡ ਬਮਿਆਲ, ਜਿਸ ਦੀ ਅਬਾਦੀ ਲਗਪਗ 5 ਹਜ਼ਾਰ ਹੈ, ਕਰੀਬ 3100 ਵੋਟਰ ਅਤੇ 850 ਦੇ ਕਰੀਬ ਘਰ ਹਨ, ਅੱਜ ਵੀ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਲਈ ਸੰਘਰਸ਼ ਕਰ ਰਿਹਾ ਹੈ। ਸਾਲ 1996 ਵਿਚ ਪੰਜਾਬ ਦੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਪਿੰਡ ਵਿਚ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਇਕ ਡੂੰਘਾ ਬੋਰ ਕਰਵਾਇਆ ਸੀ, ਜਿਸ ਤੋਂ ਬਾਅਦ ਕਰੀਬ 600 ਘਰਾਂ ਨੇ ਪਾਣੀ ਦੇ ਕੁਨੈਕਸ਼ਨ ਵੀ ਲਏ।
ਪ
ਪਿੰਡ ਬਮਿਆਲ ਵਿਖੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਕਰਵਾਇਆ ਬੋਰ ਅਤੇ ਜਲ ਘਰ ਦਾ ਦ੍ਰਿਸ਼। ਤਸਵੀਰਾਂ: ਰਾਕੇਸ਼ ਸ਼ਰਮਾ
09-08-2026
ਬਮਿਆਲ, 8 ਅਗਸਤ (ਰਕੇਸ਼ ਸ਼ਰਮਾ)-ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ’ਤੇ ਸਥਿਤ ਸਰਹੱਦੀ ਪਿੰਡ ਬਮਿਆਲ, ਜਿਸ ਦੀ ਅਬਾਦੀ ਲਗਪਗ 5 ਹਜ਼ਾਰ ਹੈ, ਕਰੀਬ 3100 ਵੋਟਰ ਅਤੇ 850 ਦੇ ਕਰੀਬ ਘਰ ਹਨ, ਅੱਜ ਵੀ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਲਈ ਸੰਘਰਸ਼ ਕਰ ਰਿਹਾ ਹੈ। ਸਾਲ 1996 ਵਿਚ ਪੰਜਾਬ ਦੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਪਿੰਡ ਵਿਚ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਇਕ ਡੂੰਘਾ ਬੋਰ ਕਰਵਾਇਆ ਸੀ, ਜਿਸ ਤੋਂ ਬਾਅਦ ਕਰੀਬ 600 ਘਰਾਂ ਨੇ ਪਾਣੀ ਦੇ ਕੁਨੈਕਸ਼ਨ ਵੀ ਲਏ। ਪਿੰਡ ਵਾਸੀਆਂ ਅਨੁਸਾਰ ਇਸ ਤੋਂ ਪਹਿਲਾਂ ਪਿੰਡ ਵਿਚ ਹੈਂਡਪੰਪਾਂ ਦਾ ਪਾਣੀ ਵਰਤਿਆ ਜਾਂਦਾ ਸੀ, ਜਿਸ ਵਿਚ ਟੀ.ਡੀ.ਐਸ ਅਤੇ ਆਇਰਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਪਾਣੀ ਇਕ ਰਾਤ ਵਿਚ ਹੀ ਬਰਤਨਾਂ ਨੂੰ ਪੀਲਾ ਕਰ ਦਿੰਦਾ ਸੀ। ਇਸ ਪਾਣੀ ਕਾਰਨ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਤੇ ਟਾਈਫਾਇਡ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ 1996 ਤੋਂ ਲੈ ਕੇ 2026 ਤੱਕ ਲਗਪਗ 30 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਵੱਡੇ ਸਰਹੱਦੀ ਪਿੰਡ ਵਿਚ ਅੱਜ ਤੱਕ ਓਵਰਹੈੱਡ ਵਾਟਰ ਟੈਂਕੀ ਦਾ ਨਿਰਮਾਣ ਨਹੀਂ ਕੀਤਾ ਗਿਆ। ਟੈਂਕੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਸਿੱਧੀ ਮੋਟਰਾਂ ਰਾਹੀਂ ਕੀਤੀ ਜਾਂਦੀ ਹੈ, ਜਿਸ ਕਾਰਨ ਘਰਾਂ ਤੱਕ ਪੂਰੇ ਪ੍ਰੈਸ਼ਰ ਨਾਲ ਪਾਣੀ ਨਹੀਂ ਪਹੁੰਚਦਾ। ਜਦੋਂ ਬਿਜਲੀ ਬੰਦ ਰਹਿੰਦੀ ਹੈ ਤਾਂ ਦੋ-ਦੋ ਦਿਨ ਤੱਕ ਪਾਣੀ ਦੀ ਸਪਲਾਈ ਵੀ ਠੱਪ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਵਿਚ ਵਾਟਰ ਸਪਲਾਈ ਦੀਆਂ ਟੈਂਕੀਆਂ ਬਣ ਚੁੱਕੀਆਂ ਹਨ। ਪਰ ਇੰਨੀ ਵੱਡੀ ਅਬਾਦੀ ਤੇ ਸਰਹੱਦੀ ਮਹੱਤਤਾ ਵਾਲੇ ਬਮਿਆਲ ਨੂੰ ਅਜੇ ਵੀ ਇਸ ਬੁਨਿਆਦੀ ਸਹੂਲਤ ਤੋਂ ਵਾਂਝਾ ਰੱਖਿਆ ਗਿਆ ਹੈ। ਲੋਕਾਂ ਦਾ ਦੋਸ਼ ਹੈ ਕਿ ਪਿਛਲੀਆਂ ਅਤੇ ਮੌਜੂਦਾ ਸਰਕਾਰਾਂ ਨੇ ਇਸ ਗੰਭੀਰ ਸਮੱਸਿਆ ਵੱਲ ਕਦੇ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ। ਇਸ ਪਿੰਡ ਵਿਚ ਟੈਂਕੀ ਦਾ ਪ੍ਰਬੰਧ ਨਾ ਹੋਣ ਕਰਕੇ ਪਿੰਡ ਦੇ ਕੁਝ ਹਿੱਸੇ ਵਿਚ ਪਿਛਲੇ 40 ਦਿਨ ਤੋਂ ਪਾਣੀ ਦੀ ਇਕ ਬੁੰਦ ਨਹੀਂ ਪਹੁੰਚ ਸਕੀ ਹੈ। ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਨਾਕਾਮੀ ਕਰਕੇ ਪਿੰਡ ਦੇ 14 ਦੇ ਕਰੀਬ ਘਰਾਂ ਨੂੰ ਪਾਣੀ ਮਿਲ ਰਿਹਾ। ਜਿਸ ਦੇ ਚਲਦੇ ਇਹ ਲੋਕ ਘਰ ਤੋਂ 3 ਕਿਲੋਮੀਟਰ ਦੂਰ ਜਾ ਕੇ ਪੀਣ ਯੋਗ ਪਾਣੀ ਲਿਆ ਰਹੇ ਹਨ ।ਵਾਰ ਵਾਰ ਸ਼ਿਕਾਇਤ ਕਰਨ ’ਤੇ ਵੀ ਵਿਭਾਗ ਦੇ ਕੰਨ ’ਤੇ ਜੂ ਨਹੀਂ ਸਰਕ ਰਹੀ।ਪਿੰਡ ਵਾਸੀ ਲਾਲ ਚੰਦ, ਪ੍ਰੇਮ ਸਿੰਘ, ਜਗਦੇਵ ਸਿੰਘ, ਮਾਖਨੁ ਸਿੰਘ, ਰਕੇਸ਼ ਸਿੰਘ, ਅਨਿਲ ਮਹਾਜਨ, ਸੋਮੀ ਮਹਾਜਨ ਆਦਿ ਨੇ ਪੰਜਾਬ ਸਰਕਾਰ ਤੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਮੰਗ ਕੀਤੀ ਕਿ ਬਮਿਆਲ ਵਿਚ ਜਲਦੀ ਤੋਂ ਜਲਦੀ ਓਵਰਹੈੱਡ ਵਾਟਰ ਟੈਂਕੀ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ 24 ਘੰਟੇ ਯਕੀਨੀ ਤੇ ਪ੍ਰੈਸ਼ਰ ਨਾਲ ਸਾਫ਼ ਪੀਣ ਵਾਲਾ ਪਾਣੀ ਮਿਲ ਸਕੇ ਅਤੇ ਦਹਾਕਿਆਂ ਪੁਰਾਣੀ ਸਮੱਸਿਆ ਦਾ ਸਥਾਈ ਹੱਲ ਨਿਕਲ ਸਕੇ।