ਪਠਾਨਕੋਟ, 7 ਮਈ (ਸੰਧੂ)-ਬਿਜਲੀ ਸੁਰੱਖਿਆ ਹਫ਼ਤੇ ਤਹਿਤ ਸਿਟੀ ਰੇਲਵੇ ਸਟੇਸ਼ਨ ਵਿਖੇ ਸਥਿਤ ਪਾਵਰ ਹਾਊਸ 'ਚ ਤਾਇਨਾਤ ਕਰਮਚਾਰੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ | ਇਸ ਦੌਰਾਨ ਬਿਜਲੀ ਕਰਮਚਾਰੀਆਂ ਨੂੰ ਸੁਰੱਖਿਆ ਮਿਆਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਐਸ.ਐਸ.ਈ. ਰਵੀ ਕੁਮਾਰ ਨੇ ਕਰਮਚਾਰੀਆਂ ਨੂੰ ਬਿਜਲੀ ਨਾਲ ਸਬੰਧਿਤ ਕੰਮ ਕਰਦਿਆਂ ਵਰਤਣਯੋਗ ਸਾਵਧਾਨੀਆਂ ਬਾਰੇ ਸਮਝਾਇਆ | ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਲਾਪ੍ਰਵਾਹੀ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ | ਇਸ ਮੌਕੇ ਕਰਮਚਾਰੀਆਂ ਨੂੰ ਹੈਲਮਟ, ਸੇਫ਼ਟੀ ਬੈਲਟ, ਦਸਤਾਨੇ ਤੇ ਹੋਰ ਸੁਰੱਖਿਆ ਸਾਜ਼ੋ-ਸਾਮਾਨ ਦੀ ਠੀਕ ਤਰੀਕੇ ਨਾਲ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਨਾਲ ਹੀ ਉਚਾਈ 'ਤੇ ਕੰਮ ਕਰਦਿਆਂ ਤੇ ਹਾਈ ਵੋਲਟੇਜ ਲਾਈਨਾਂ ਦੇ ਨੇੜੇ ਕੰਮ ਕਰਦਿਆਂ ਵਿਸ਼ੇਸ਼ ਸਾਵਧਾਨੀ ਵਰਤਣ 'ਤੇ ਜ਼ੋਰ ਦਿੱਤਾ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮਾਂ ਦਾ ਮਕਸਦ ਕਰਮਚਾਰੀਆਂ ਵਿਚ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਹਾਦਸਿਆਂ ਤੋਂ ਬਚਾਅ ਕਰਨਾ ਹੈ | ਪ੍ਰੋਗਰਾਮ ਦੇ ਅੰਤ 'ਚ ਸਾਰੇ ਬਿਜਲੀ ਕਰਮਚਾਰੀਆਂ ਨੇ ਸੁਰੱਖਿਅਤ ਢੰਗ ਨਾਲ ਕੰਮ ਕਰਨ ਦਾ ਸੰਕਲਪ ਲਿਆ | ਇਸ ਮੌਕੇ ਹਰਲਾਲ ਮੀਣਾ, ਸੁਰਜੀਤ, ਰਾਜੇਸ਼ ਅਹੂਜਾ, ਜੋਗੇਸ਼, ਸੁਸ਼ੀਲ, ਹਰੀਸ਼, ਮੁਨੀਸ਼, ਸਾਵਿਤਰੀ, ਨੀਰਜ ਬਾਲਾ, ਅਸ਼ੋਕ ਮੀਣਾ ਅਤੇ ਰਾਣੀ ਬਾਲਾ ਹਾਜ਼ਰ ਸਨ |