ਗੁਰਦਾਸਪੁਰ, 7 ਮਈ (ਅਸ਼ੋਕ ਸ਼ਰਮਾ)-ਪੰਜਾਬ-ਹਰਿਆਣਾ ਹਾਈਕੋਰਟ ਨੇ ਭਾਵੇਂ ਹਰੇ ਬੂਟਿਆਂ ਨੂੰ ਕੱਟਣ 'ਤੇ ਰੋਕ ਲਗਾਈ ਹੈ | ਪਰ ਕੁਝ ਰੁੱਖ ਸੜਕਾਂ 'ਤੇ ਆਬਾਦੀ 'ਚ ਹੋਣ ਕਰਕੇ ਇਹ ਲੋਕਾਂ ਲਈ ਪ੍ਰੇਸ਼ਾਨੀ ਦਾ ਆਲਮ ਬਣੇ ਹਨ | ਇਸ ਸਬੰਧੀ ਗੁਰਦਾਸਪੁਰ-ਮੁਕੇਰੀਆਂ ਸੜਕ ਦੇ ਕੰਢੇ ਵੱਸਦੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਤੇਜ਼ ਹਨੇਰੀ ਆਉਣ ਕਰਕੇ ਸੜਕਾਂ 'ਤੇ ਖੜੇ ਸੁੱਕੇ ਰੁੱਖ ਲੋਕਾਂ ਲਈ ਮੁਸੀਬਤ ਬਣੇ ਹਨ ਤੇ ਕਈ ਵਾਰ ਹਨੇਰੀ ਦੌਰਾਨ ਵਾਹਨ ਚਾਲਕਾਂ ਉੱਤੇ ਡਿੱਗ ਕੇ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਕਰ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਵਣ ਵਿਭਾਗ ਗੁਰਦਾਸਪੁਰ ਨੇ ਕੁਝ ਸੁੱਕੇ ਰੁੱਖ ਗੁਰਦਾਸਪੁਰ-ਮੁਕੇਰੀਆਂ ਰੋਡ ਤੋਂ ਕਟਵਾ ਦਿੱਤੇ ਹਨ ਤੇ ਉਨ੍ਹਾਂ ਦੀ ਗਿਣਤੀ ਲਗਭਗ 60-65 ਦੇ ਕਰੀਬ ਸੀ ਅਤੇ ਹੁਣ ਇੰਨੇ ਹੀ ਸੁੱਕੇ ਰੁੱਖਾਂ ਦੀ ਗਿਣਤੀ ਹੋਰ ਵੱਧ ਗਈ ਹੈ | ਉਨ੍ਹਾਂ ਦੱਸਿਆ ਕਿ ਕਈ ਵਾਰ ਮਹਿਕਮੇ ਨੂੰ ਦੱਸਿਆ ਹੈ ਕਿ ਇਹ ਸੁੱਕੇ ਰੁੱਖ ਕਟਾਏ ਜਾਣ | ਪਰ ਮਹਿਕਮਾ ਇਸ ਪਾਸੇ ਕਾਰਵਾਈ ਨਹੀਂ ਕਰ ਰਿਹਾ | ਜਿਸ ਕਰਕੇ ਲੋਕਾਂ ਦਾ ਮਹਿਕਮੇ ਪ੍ਰਤੀ ਭਾਰੀ ਰੋਸ ਹੈ | ਇਸ ਸਬੰਧੀ ਸਾਬਕਾ ਸੂਬੇਦਾਰ ਮੇਜਰ ਬਸੰਤ ਸਿੰਘ ਢਿੱਲੋਂ, ਟੇਲਰ ਮਾਸਟਰ ਅਸ਼ੋਕ ਕੁਮਾਰ, ਡਾ. ਜੋਗਿੰਦਰ ਕੰਡਾ ਤੇ ਬਾਬਾ ਬੂਟਾ ਸਿੰਘ ਨੇ ਦੱਸਿਆ ਕਿ ਸਾਡੀਆਂ ਦੁਕਾਨਾਂ ਅੱਗੇ ਪਿਛਲੇ 15 ਸਾਲ ਤੋਂ ਸੁੱਕੇ ਰੁੱਖ ਖੜੇ੍ਹ ਹਨ ਜੋ ਕਈ ਵਾਰ ਉੱਪਰੋਂ ਟੁੱਟ ਕੇ ਵਾਹਨਾਂ 'ਤੇ ਡਿੱਗ ਕੇ ਨੁਕਸਾਨ ਕਰਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਨੂੰ ਲਿਖਤੀ ਸ਼ਿਕਾਇਤਾਂ ਕਰਨ ਦੇ ਬਾਵਜੂਦ ਦਰੱਖ਼ਤਾਂ ਨੂੰ ਨਹੀਂ ਕੱਟਿਆ ਗਿਆ | ਉਨ੍ਹਾਂ ਨੇ ਡੀ.ਸੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਸੁੱਕੇ ਰੁੱਖਾਂ ਨੂੰ ਕਟਵਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਕੋਈ ਹਾਦਸਾ ਨਾ ਵਾਪਰ ਸਕੇ |