ਗੁਰਦਾਸਪੁਰ, 7 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਸਰਕਾਰੀ ਗੁਦਾਮਾਂ ਅੱਗੇ ਕਣਕ ਦੇ ਭਰੇ ਟਰੱਕਾਂ ਤੇ ਟਰੈਕਟਰ ਟਰਾਲੀਆਂ ਦੀਆਂ ਲੰਮੀਆਂ ਲਾਈਨਾਂ ਲੱਗਣ ਨਾਲ ਜਿਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਵਾਹਨ ਚਾਲਕਾਂ ਨੰੂ ਭਾਰੀ ਮੁਸ਼ਕਿਲਾਂ ਵਿਚੋਂ ਲੰਘਣਾ ਪੈ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਡੋਰੀ ਰੋਡ ਦੇ ਵਸਨੀਕਾਂ ਨੇ ਦੱਸਿਆ ਕਿ ਸੜਕ ਕੰਢੇ ਸੈਂਕੜੇ ਕਣਕ ਨਾਲ ਭਰੇ ਟਰੱਕ ਤੇ ਟਰਾਲੀਆਂ ਖੜ੍ਹੇ ਹਨ ਅਤੇ ਗੁਦਾਮਾਂ ਵਿਚ ਲੇਬਰ ਦੀ ਘਾਟ ਕਰਕੇ ਕਣਕ ਦੇ ਟਰੱਕ ਘੱਟ ਖਾਲੀ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕਣਕ ਦਾ ਸੀਜ਼ਨ ਅੰਤਿਮ ਪੜਾਅ 'ਤੇ ਹੈ, ਸਿਰਫ਼ ਮੰਡੀਆਂ ਵਿਚ ਕਣਕ ਦੀ ਢੋਆ ਢੁਆਈ ਲਈ ਠੇਕੇਦਾਰਾਂ ਨੇ ਟਰੱਕ ਲਗਾਏ ਹਨ, ਜਿਸ ਕਰਕੇ ਕਿਸੇ ਸਮੇਂ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਵੇਅਰ ਹਾਊਸ ਦੇ ਗੁਦਾਮਾਂ ਦੇ ਇੰਚਾਰਜਾਂ ਨੰੂ ਵੀ ਮਿਲੇ ਹਨ ਅਤੇ ਉਹ ਟਰੱਕਾਂ ਨੰੂ ਖਾਲੀ ਕਰਵਾਉਣ 'ਚ ਅਸਮਰਥ ਜਾਪਦੇ ਹਨ | ਦੂਜੇ ਪਾਸੇ ਟਰੱਕ ਚਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਉਹ ਦੋ ਤਿੰਨ ਦਿਨਾਂ ਤੋਂ ਸੜਕ ਕੰਢੇ ਖੜੇ ਹਨ ਅਤੇ ਲੇਬਰ ਦੀ ਘਾਟ ਕਾਰਨ ਉਨ੍ਹਾਂ ਨੰੂ ਵੀ ਮੁਸ਼ਕਿਲਾਂ ਵਿਚੋਂ ਲੰਘਦਾ ਪੈ ਰਿਹਾ ਹੈ | ਜਿਸ ਨਾਲ ਟਰੱਕ ਮਾਲਕਾਂ ਦਾ ਵੀ ਆਰਥਿਕ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਸੜਕ ਕੰਢੇ ਖੜ੍ਹੇ ਟਰੱਕਾਂ ਨੰੂ ਖਾਲੀ ਕਰਵਾਉਣ ਲਈ ਦੁਗਾਮਾਂ ਵਿਚ ਲੇਬਰ ਦਾ ਵਾਧੂ ਪ੍ਰਬੰਧ ਕਰਵਾਉਣ ਲਈ ਖ਼ਰੀਦ ਏਜੰਸੀਆਂ ਨੰੂ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ ਆਵਾਜਾਈ ਸੁਚਾਰੂ ਰੂਪ ਨਾਲ ਚੱਲ ਸਕੇ |