ਬਟਾਲਾ, 14 ਅਪ੍ਰੈਲ (ਸਤਿੰਦਰ ਸਿੰਘ)-ਮੁੱਖ ਮੰਤਰੀ ਪੰਜਾਬ ਦੀ ਦਾਣਾ ਮੰਡੀ ਆਮਦ ਨੂੰ ਲੈ ਕੇ ਸਵਾਲ ਚੁੱਕਦਿਆਂ ਬਟਾਲਾ ਹਲਕੇ ਦੇ ਸੀਨੀਅਰ ਕਾਂਗਰਸੀ ਲੀਡਰ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਇਕ ਪਾਸੇ ਜਿੱਥੇ ਕਣਕ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਅਤੇ ਕਿਸਾਨ ਮੰਡੀਆਂ ਵਿਚ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਲਿਆਉਣ ਲਈ ਤਿਆਰ ਬੈਠੇ ਹੋਏ ਹਨ, ਉਥੇ ਦੂਜੇ ਪਾਸੇ ਕਣਕ ਦੇ ਸੀਜਨ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਬਟਾਲਾ ਦੀ ਦਾਣਾ ਮੰਡੀ ਵਿਖੇ ਰੈਲੀ ਰੱਖੀ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਫਸਲ ਲਿਆਉਣ ਤੋਂ ਰੋਕਿਆ ਜਾ ਰਿਹਾ ਹੈ, ਇਸ ਲਈ ਕਿਸਾਨ ਬੇਹੱਦ ਪ੍ਰੇਸ਼ਾਨ ਹੈ | ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਨੇ ਬਟਾਲਾ ਵਿਚ ਕੋਈ ਰੈਲੀ ਕਰਨੀ ਸੀ ਤਾਂ ਕਿਸੇ ਵੀ ਹੋਰ ਜਗ੍ਹਾ 'ਤੇ ਕਰ ਲੈਂਦੇ, ਕਿਉਂਕਿ ਫਸਲ ਮੰਡੀ ਵਿਚ ਆਉਣ ਦਾ ਸਮਾਂ ਆ ਗਿਆ ਹੈ, ਜੋ ਪੂਰੀ ਤਰ੍ਹਾਂ ਪੱਕੀ ਹੋਈ | ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਬਾਰਿਸ ਤੇ ਗੜ੍ਹੇਮਾਰੀ ਕਾਰਨ ਪਹਿਲਾਂ ਹੀ ਕਿਸਾਨਾ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਕਣਕ ਪੱਕੀ ਹੋਈ ਹੈ, ਉਸ ਨੂੰ ਕਿਸਾਨਾਂ ਨੂੰ ਕੱਟਣ ਤੇ ਮੰਡੀ ਵਿਚ ਲਿਆਉਣ ਤੋਂ ਰੋਕਿਆ ਜਾ ਰਿਹਾ ਹੈ, ਇਹ ਪੂਰੀ ਤਰ੍ਹਾਂ ਕਿਸਾਨਾਂ ਨਾਲ ਧੱਕਾ ਹੈ | ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕਰਦੀ ਹੈ, ਕਿਉਂਕਿ ਕਿਸਾਨਾਂ ਦੇ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਮੰਡੀ ਵਿਚ ਲਿਆਉਣ ਤੋਂ ਰੋਕਣ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ | ਉਨ੍ਹਾਂੇ ਕਿਹਾ ਕਿ ਪਹਿਲਾਂ ਕੁਦਰਤੀ ਕਰੋਪੀ ਚੱਲ ਰਹੀ ਹੈ ਤੇ ਜੇਕਰ ਇਕ-ਦੋ ਦਿਨਾਂ ਤੱਕ ਫਸਲਾਂ ਨਾ ਕੱਟੀਆਂ ਗਈਆਂ ਤਾਂ ਹੋਰ ਭਾਰੀ ਨੁਕਸਾਨ ਹੋ ਸਕਦਾ ਹੈ | ਇਸ ਕਰ ਕੇ ਅਜਿਹੀਆਂ ਸਿਆਸੀ ਰੈਲੀਆਂ ਕਰਨ ਦੀ ਬਜਾਏ, ਖਾਸ ਕਰ ਕੇ ਮੰਡੀਆਂ ਰੈਲੀਆਂ ਕਰਨ ਦੀ ਥਾਂ ਸਰਕਾਰ ਕਿਸੇ ਵੀ ਨਿੱਜੀ ਜਗ੍ਹਾ ਜਾਂ ਕਿਤੇ ਹੋਰ ਵੀ ਰੈਲੀ ਕਰ ਸਕਦੀ ਹੈ ਤਾਂ ਜੋ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ |