ਭੈਣੀ ਮੀਆਂ ਖਾਂ, 19 ਫਰਵਰੀ (ਜਸਬੀਰ ਸਿੰਘ ਬਾਜਵਾ)-ਸੰਯੁਕਤ ਕਿਸਾਨ ਮੋਰਚਾ ਗੁਰਦਾਸਪੁਰ ਵਲੋਂ 22 ਫਰਵਰੀ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਸ਼ੈਰੀ ਕਲਸੀ ਦੇ ਘਰ ਮੂਹਰੇ ਬਟਾਲਾ ਵਿਖੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਬਲਾਕ ਕਾਹਨੂੰਵਾਨ ਦੇ ਪਿੰਡ ਘੋੜੇਵਾਹ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਵੱਡੀ ਗਿਣਤੀ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਧਰਨੇ ਵਿਚ ਕਿਸਾਨ-ਮਜ਼ਦੂਰ ਸ਼ਾਮਿਲ ਹੋਣਗੇ | ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਅਤੇ ਜ਼ਿਲ੍ਹਾ ਸਕੱਤਰ ਅਨੋਖ ਸਿੰਘ ਘੋੜੇਵਾਹ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ-ਮਜ਼ਦੂਰਾਂ ਦੇ ਹਿੱਤਾਂ ਦੀ ਅਣਦੇਖੀ ਤੇ ਅਣਗਹਿਲੀ ਕਰਕੇ ਸਾਮਰਾਜੀ ਦੇਸ਼ਾਂ ਤੇ ਦੇਸ਼ੀ-ਵਿਦੇਸ਼ੀ ਵੱਡੀਆਂ ਕੰਪਨੀਆਂ ਦੇ ਦਬਾਅ ਹੇਠ ਖੇਤੀ ਖੇਤਰ ਨੂੰ ਤਬਾਹ ਕਰਨ ਲਈ ਲੋਕ ਸਭਾ ਦੇ ਇਸ ਸੈਸ਼ਨ 'ਚ ਬਿਜਲੀ ਸੋਧ ਬਿੱਲ 2025, ਬੀਜ ਬਿੱਲ, ਪੈਸਟੀਸਾਈਡ ਬਿੱਲ ਪਾਸ ਕਰਵਾਉਣ ਲਈ ਪੇਸ਼ ਕਰਨ ਜਾ ਰਹੀ ਹੈ | ਇਸ ਦੇ ਨਾਲ ਹੀ ਭਾਰਤੀ ਕਿਸਾਨਾਂ ਦਾ ਖੇਤੀ ਖੇਤਰ, ਪੋਲਟਰੀ ਤੇ ਡੇਅਰੀ ਫਾਰਮਿੰਗ ਦਾ ਕਾਰੋਬਾਰ, ਬਾਗ਼ਬਾਨੀ ਦੇ ਸੇਬ ਤੇ ਅਖਰੋਟ ਤੇ ਬਦਾਮ ਦੇ ਕਾਰੋਬਾਰ ਕਰਨ ਵਾਲੇ ਕਿਸਾਨਾਂ ਤੇ ਇਨ੍ਹਾਂ 'ਤੇ ਨਿਰਭਰ ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਨੂੰ ਉਜਾੜਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਂਹ ਮਰੋੜ ਕੇ ਇਕਤਰਫ਼ਾ ਕਰ-ਮੁਕਤ ਵਪਾਰਕ ਸਮਝੌਤਾ ਕੀਤਾ ਹੈ | ਇਸ ਨਾਲ ਭਾਰਤੀ ਕਿਸਾਨਾਂ, ਮਜ਼ਦੂਰ ਤੇ ਛੋਟੇ ਕਾਰੋਬਾਰੀ ਰੁਲ ਜਾਣਗੇ | ਇਸ ਮੌਕੇ ਜਸਵੀਰ ਸਿੰਘ, ਅਵਤਾਰ ਸਿੰਘ, ਰਣਧੀਰ ਸਿੰਘ, ਮਾਸਟਰ ਮਲਕੀਤ ਸਿੰਘ, ਨਵਦੀਪ ਸਿੰਘ, ਹਰਜਿੰਦਰ ਸਿੰਘ ਘੋੜੇਵਾਹ, ਮਾ. ਹਰਦੀਪ ਸਿੰਘ, ਜੋਗਿੰਦਰ ਸਿੰਘ, ਵਜੀਰ ਮਸੀਹ ਤੇ ਹਰਪਾਲ ਸਿੰਘ ਆਦਿ ਕਿਸਾਨ ਸ਼ਾਮਿਲ ਹਨ |