08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸੁਤੰਤਰਤਾ ਸੰਗਰਾਮੀ ਜਥੇਦਾਰ ਕੇਸਰ ਸਿੰਘ ਦੀ ਬਰਸੀ 'ਤੇ ਸ਼ਰਧਾ ਦੇ ਫੁੱਲ ਭੇਟ

ਅਜੀਤ ਡੈਸਕ 20-02-2026
ਪਠਾਨਕੋਟ, 19 ਫਰਵਰੀ (ਸੰਧੂ)-ਪਠਾਨਕੋਟ ਖੇਤਰ ਵਿਚ ਗਾਂਧੀ ਦੇ ਨਾਂਅ ਤੋਂ ਪ੍ਰਸਿੱਧ ਮਹਾਨ ਸੁਤੰਤਰਤਾ ਸੰਗਰਾਮੀ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਚੇਅਰਮੈਨ ਮਾਰਕੀਟ ਕਮੇਟੀ, ਹਿੰਦੂ ਸਿੱਖ ਸਾਂਝ ਦੇ ਪਹਿਰੇਦਾਰ, ਸ਼ਾਂਤੀ ਦੇ ਪੁੰਜ, ਮਾਨਵਤਾ ਨੂੰ ਸਮਰਪਿਤ ਜਥੇਦਾਰ ਕੇਸਰ ਸਿੰਘ ਦੀ 30ਵੀਂ ਬਰਸੀ 'ਤੇ ਅੱਜ ਉਨ੍ਹਾਂ ਦੇ ਨਿਵਾਸ ਸਥਾਨ ਮੁਹੱਲਾ ਪ੍ਰੀਤ ਨਗਰ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਸ਼ਰਧਾਂਜਲੀ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਜਾਣਕਾਰੀ ਦਿੰਦੇ ਹੋਏ ਜਥੇਦਾਰ ਕੇਸਰ ਸਿੰਘ ਦੇ ਸਪੁੱਤਰ ਜਥੇਦਾਰ ਕੁਲਵੰਤ ਸਿੰਘ ਸੰਧੂ, ਜਥੇਦਾਰ ਗੁਰਜੀਤ ਸਿੰਘ, ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਯਾਦਗਾਰੀ ਸਭਾ ਦੇ ਕਾਰਜਕਾਰੀ ਪ੍ਰਧਾਨ ਜਨਮਜੀਤ ਸਿੰਘ ਅਤੇ ਚੇਅਰਮੈਨ ਹਰਸਿਮਰਨਜੀਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਜਥੇਦਾਰ ਕੇਸਰ ਸਿੰਘ ਦਾ ਜਨਮ ਮਾਤਾ ਆਸ ਕੌਰ ਦੀ ਕੁੱਖੋਂ ਪਿਤਾ ਗੁਰਦਿੱਤਾ ਸਿੰਘ ਦੇ ਘਰ 13 ਅਪ੍ਰੈਲ 1892 ਨੂੰ ਪਿੰਡ ਗੂੜ੍ਹੀ ਜ਼ਿਲ੍ਹਾ ਮੀਰਪੁਰ ਪਾਕਿਸਤਾਨ ਵਿਖੇ ਹੋਇਆ | ਬਚਪਨ ਤੋਂ ਹੀ ਆਜ਼ਾਦ ਅਤੇ ਧਾਰਮਿਕ ਖ਼ਿਆਲਾਂ ਦੇ ਹੋਣ ਕਾਰਨ ਅੱਠ ਸਾਲ ਦੀ ਉਮਰ ਵਿਚ ਹੀ ਘਰ ਛੱਡ ਕੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਤਸਰ ਆ ਕੇ ਸੇਵਾ ਕਰਨ ਲੱਗ ਪਏ | ਆਪਣੇ ਜੀਵਨ ਕਾਲ ਵਿਚ ਉਨ੍ਹਾਂ ਦੇਸ਼ ਦੇ ਆਜ਼ਾਦੀ ਅੰਦੋਲਨ 'ਤੇ ਪੰਥ ਵਲੋਂ ਚਲਾਏ ਗਏ ਹਰੇਕ ਮੋਰਚੇ ਵਿਚ ਹਿੱਸਾ ਲਿਆ ਤੇ ਲਗਪਗ 25 ਸਾਲ ਤੱਕ ਜੇਲ੍ਹ ਵਿਚ ਰਹੇ | ਉਹ ਪਠਾਨਕੋਟ ਅਕਾਲੀ ਜਥੇ ਦੇ 30 ਸਾਲ ਤੱਕ ਅਤੇ ਜ਼ਿਲ੍ਹਾ ਅਕਾਲੀ ਜਥੇ ਦੇ 6 ਸਾਲ ਤੱਕ ਪ੍ਰਧਾਨ ਰਹੇ | ਸਾਲ 1979 ਵਿਚ ਉਹ ਪਠਾਨਕੋਟ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ | ਇਸ ਤੋਂ ਇਲਾਵਾ ਉਹ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਤੇ ਮਾਰਕੀਟ ਕਮੇਟੀ ਪਠਾਨਕੋਟ ਦੇ ਚੇਅਰਮੈਨ ਵੀ ਰਹੇ | ਉਨ੍ਹਾਂ ਦੀ ਦੇਸ਼ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ 15 ਅਗਸਤ 1972 ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ 15 ਅਗਸਤ 1988 ਨੂੰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਜਥੇਦਾਰ ਕੇਸਰ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਤਸਰ ਵਿਖੇ ਵੀ ਲਗਾਈ ਗਈ | ਜਥੇਦਾਰ ਕੇਸਰ ਸਿੰਘ 105 ਸਾਲਾਂ ਦੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 19 ਫਰਵਰੀ 1996 ਨੂੰ ਅਕਾਲ ਚਲਾਣਾ ਕਰ ਗਏ ਤੇ ਅੱਜ ਵੀ ਉਨ੍ਹਾਂ ਦਾ ਪਰਿਵਾਰ ਪੰਥ, ਸਮਾਜ ਤੇ ਦੇਸ਼ ਸੇਵਾ ਲਈ ਕੰਮ ਕਰ ਰਿਹਾ ਹੈ |
ਪਿਛਲੀ ਖ਼ਬਰ ਸਾਡੇ ਚਾਨਣ ਮੁਨਾਰੇ : ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ 10ਵੀਂ ਤੇ 12ਵੀਂ ਜਮਾਤ ਦੀ ਸਫ਼ਲਤਾ ਲਈ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।