ਬਟਾਲਾ, 19 ਫਰਵਰੀ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਬਟਾਲਾ ਦੇ ਇੰਚਾਰਜ ਨਰੇਸ਼ ਮਹਾਜਨ ਨੇ ਸਾ. ਮੰਤਰੀ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨਾਲ ਅੰਮਿ੍ਤਸਰ ਵਿਖੇ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ | ਇਸ ਮੌਕੇ ਨਰੇਸ਼ ਮਹਾਜਨ ਨੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਦੇ ਦੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨਾਲ ਮੁਲਾਕਾਤ ਹੋਈ ਤੇ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕਿ ਵਧਾਈ ਦਿੱਤੀ ਤੇ ਹਮੇਸ਼ਾ ਮਜੀਠੀਆ ਨਾਲ ਡਟ ਕੇ ਚੱਲਣ ਦਾ ਵਿਸ਼ਵਾਸ ਦਿਵਾਇਆ | ਉਨ੍ਹਾਂ ਕਿਹਾ ਕਿ ਇਸ ਮੌਕੇ ਸ: ਮਜੀਠੀਆ ਨੇ ਵਿਧਾਨ ਸਭਾ ਹਲਕਾ ਬਟਾਲਾ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਅੱਗੇ ਵਧਾਉਣ ਲਈ ਕਿਹਾ, ਜਿਸ ਤਹਿਤ ਹੁਣ ਵਰਕਰਾਂ ਨਾਲ ਹਰੇਕ ਵਾਰਡ ਤੇ ਪਿੰਡ ਵਿਚ ਜਾ ਕੇ ਮੀਟਿੰਗਾਂ ਜੋ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ, ਨੂੰ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਇਸ ਵੇਲੇ ਜੋ ਹਾਲਾਤ ਬਣੇ ਹੋਏ ਹਨ, ਰੋਜ਼ਾਨਾ ਕਤਲੋਗਾਰਤ, ਲੁੱਟਾਂ-ਖੋਹਾਂ ਦਾ ਸਿਲਸਿਲਾ ਚੱਲ ਰਿਹਾ, ਜਿਸ ਤੋਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਤੇ ਹੁਣ ਉਹ ਆਮ ਆਦਮੀ ਪਾਰਟੀ ਨੂੰ ਚਲਦਾ ਕਰਨ ਲਈ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਬਚਾਓ ਰੈਲੀਆਂ ਤਹਿਤ ਜੋ 2 ਰੈਲੀਆਂ ਕਾਦੀਆਂ ਅਤੇ ਖੇਮਕਰਨ ਹਲਕੇ ਵਿਚ ਕੀਤੀਆਂ ਗਈਆਂ ਹਨ, ਵਿਚ ਵੱਡੀ ਗਿਣਤੀ 'ਚ ਪਹੁੰਚੇ ਜੁਝਾਰੂ ਵਰਕਰਾਂ ਤੇ ਲੋਕਾਂ ਨੇ ਸਾਥ ਦਿੱਤਾ ਹੈ, ਨੇ ਸਪੱਸ਼ਟ ਕੀਤਾ ਹੈ ਕਿ ਕਿ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ |