ਹਰਚੋਵਾਲ, 19 ਫਰਵਰੀ (ਭਾਮ, ਢਿੱਲੋਂ)-ਪੁਲਿਸ ਚੌਕੀ ਹਰਚੋਵਾਲ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕਰਨ ਤੇ ਇਕ ਨੂੰ ਨਾਮਜ਼ਦ ਕੀਤਾ ਹੈ | ਚੌਂਕੀ ਹਰਚੋਵਾਲ ਦੇ ਇੰਚਾਰਜ ਏ.ਐੱਸ.ਆਈ. ਸਰਵਣ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਪਿੰਡ ਭਾਮੜੀ ਸੂਏ ਦੀ ਪੱਟੜੀ ਤੇ ਨੰਗਲ ਝੌਰ ਵਲੋਂ ਇਕ ਵਿਅਕਤੀ ਨੂੰ ਆਉਂਦੇ ਦੇਖਿਆ ਤਾਂ ਉਹ ਪੁਲਿਸ ਵੇਖ ਕੇ ਘਬਰਾ ਗਿਆ ਤੇ ਆਪਣੀ ਜੇਬ 'ਚੋਂ ਇਕ ਲਿਫ਼ਾਫ਼ਾ ਜ਼ਮੀਨ 'ਤੇ ਸੁੱਟ ਦਿੱਤਾ, ਜਿਸ ਵਿਚੋਂ 50 ਨਸ਼ੀਲੇ ਕੈਪਸੂਲ ਬਰਾਮਦ ਹੋਏ, ਜਦੋਂ ਪੁਲਿਸ ਪਾਰਟੀ ਵਲੋਂ ਉਸ ਵਿਅਕਤੀ ਨੂੰ ਕਾਬੂ ਕੀਤਾ ਤਾਂ ਉਸ ਨੇ ਆਪਣਾ ਨਾਂਅ ਪ੍ਰਦੀਪ ਸਿੰਘ ਦੀਪੂ ਪੁੱਤਰ ਅਜੈਬ ਸਿੰਘ ਵਾਸੀ ਕੀੜੀ ਅਫਗਾਨਾ ਦੱਸਿਆ | ਪੁਲਿਸ ਵਲੋਂ ਸਰਸਰੀ ਪੁਛਗਿੱਛ 'ਤੇ ਉਸ ਨੇ ਦੱਸਿਆ ਕਿ ਉਹ ਇਹ ਕੈਪਸੂਲ ਕਰਨਬੀਰ ਸਿੰਘ ਭਾਲੂ ਪੁੱਤਰ ਮਨਜੀਤ ਸਿੰਘ ਵਾਸੀ ਕੀੜੀ ਅਫਗਾਨਾ ਤੋਂ ਲੈ ਕੇ ਪਿੰਡਾਂ ਵਿਚ ਸਪਲਾਈ ਕਰਦਾ ਹਾਂ | ਪੁਲਿਸ ਨੇ ਕਰਨਬੀਰ ਸਿੰਘ ਨੂੰ ਵੀ ਮੁਕੱਦਮੇ ਵਿਚ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |