ਕਾਦੀਆਂ, 29 ਜਨਵਰੀ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀਆਂ 2 ਵਿਦਿਆਰਥਣਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਲਈ ਗਈ ਸਾਲਾਨਾ ਪ੍ਰੀਖਿਆ ਦੇ ਦੂਜੇ ਦਰਜੇ 'ਚੋਂ ਸ਼ਾਨਦਾਰ ਅੰਕਾਂ ਨਾਲ ਪਾਸ ਕਰਕੇ ਵਜ਼ੀਫ਼ਾ ਹਾਸਲ ਕੀਤਾ ਹੈ | ਸਕੂਲ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਇੰਚਾਰਜ ਸਕੂਲ ਲੈਕਚਰਾਰ ਰਮਨਜੀਤ ਕੌਰ ਨੇ ਦੱਸਿਆ ਕਿ ਵਿਦਿਆਰਥਣਾਂ ਕਿਰਨਦੀਪ ਕੌਰ ਜਮਾਤ 11ਵੀਂ (ਮੈਡੀਕਲ) ਤੇ ਨਵਜੋਤ ਕੌਰ ਜਮਾਤ 11ਵੀਂ (ਨਾਨ-ਮੈਡੀਕਲ) ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ 2100-2100 ਰੁਪਏ ਦਾ ਵਜ਼ੀਫ਼ਾ ਹਾਸਲ ਕੀਤਾ ਹੈ | ਦੋਵਾਂ ਵਿਦਿਆਰਥਣਾਂ ਨੂੰ ਨਗਦ ਵਜ਼ੀਫ਼ਾ ਰਾਸ਼ੀ ਇਨਾਮ ਵਜੋਂ ਭੇਟ ਕਰਕੇ ਪ੍ਰਚਾਰਕ ਭਾਈ ਗੁਰਮੁੱਖ ਸਿੰਘ ਤੇ ਭਾਈ ਸਿਮਰਨਜੀਤ ਸਿੰਘ ਕੋਟ ਧੰਦਲ ਵਲੋਂ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਧਰਮ ਪ੍ਰਚਾਰ ਕਮੇਟੀ ਵਲੋਂ ਵਿਦਿਆਰਥੀਆਂ ਲਈ ਕੀਤੇ ਜਾਂਦੇ ਉਪਰਾਲੇ ਦੀ ਸ਼ਾਲਾਘਾ ਕੀਤੀ | ਉਨ੍ਹਾਂ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰੀਖਿਆਵਾਂ 'ਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਧਾਰਮਿਕ ਪ੍ਰੀਖਿਆ ਇੰਚਾਰਜ ਲੈਕਚਰਾਰ ਦਲਜੀਤ ਕੌਰ, ਲੈਕਚਰਾਰ ਅਮਨਦੀਪ ਕੌਰ, ਲੈਕ. ਅਨਾਮਿਕਾ, ਪ੍ਰੋ. ਕੁਲਵਿੰਦਰ ਸਿੰਘ ਭਾਟੀਆ ਵਲੋਂ ਵਜ਼ੀਫ਼ਾ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕੀਤੀ |