ਫਤਹਿਗੜ੍ਹ ਚੂੜੀਆਂ, 22 ਜਨਵਰੀ (ਐਮ.ਐਸ. ਫੁੱਲ, ਅਵਤਾਰ ਸਿੰਘ ਰੰਧਾਵਾ)-ਮਾਸਟਰ ਕੇਡਰ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਰਬੀਰ ਸਿੰਘ ਰੰਧਾਵਾ ਮੁਰੀਦਕੇ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਇੰਦਰਪਾਲ ਸਿੰਘ ਘਈ ਨੇ ਸਾਥੀਆਂ ਸਮੇਤ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਮੁਲਾਜ਼ਮਾਂ ਨਾਲ ਆਰਥਿਕ ਮੁੱਦਿਆਂ 'ਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ | ਵਿੱਤ ਸਕੱਤਰ ਜਤਿੰਦਰ ਸਿੰਘ ਵਿਰਦੀ, ਮੀਤ ਪ੍ਰਧਾਨ ਕਮਰਜੀਤ ਵਾਸਦੇਵ, ਸ਼ਮਸ਼ੇਰ ਸਿੰਘ ਰੰਧਾਵਾ, ਵਿਕਰਮ ਬਾਠ, ਨਵਜੋਤ ਸਿੰਘ ਕਾਲਾ ਅਫਗਾਨਾ, ਸੁਖਦੇਵ ਸਿੰਘ ਡੀ.ਪੀ., ਤਰਲੋਚਨ ਪਾਠਕ, ਪਰਵਿੰਦਰ ਸਿੰਘ ਬਲਾਕ ਪ੍ਰਧਾਨ ਆਦਿ ਨੇ ਕਿਹਾ ਕਿ ਪਿਛਲੇ ਸਾਲ 2025 ਦੌਰਾਨ ਲੁਧਿਆਣੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਜੂਨ ਮਹੀਨੇ ਵਿਚ ਤੇ 26 ਅਕਤੂਬਰ ਨੂੰ ਮਹਾਂ ਰੋਸ ਰੈਲੀ ਤਰਨ ਤਾਰਨ ਕੀਤੀ ਗਈ ਸੀ, ਉਸ ਤੋਂ ਬਾਅਦ 29 ਅਕਤੂਬਰ ਨੂੰ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਵਿੱਤੀ ਮੰਗਾਂ ਸਬੰਧੀ ਇਕ ਅਹਿਮ ਮੀਟਿੰਗ ਕੀਤੀ ਗਈ ਸੀ, ਜਿਸ 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਇਨ੍ਹਾਂ ਮੰਗਾਂ ਨੂੰ ਤਰਨ ਤਾਰਨ ਜ਼ਿਮਨੀ ਚੋਣ ਤੋਂ ਬਾਅਦ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ | ਲੇਕਿਨ ਕਾਫੀ ਸਮਾਂ ਬੀਤਣ ਦੇ ਬਾਵਜੂਦ ਸਰਕਾਰ ਵਲੋਂ ਮੰਗਾਂ ਨੂੰ ਹੱਲ ਨਹੀਂ ਕੀਤਾ ਗਿਆ ਤੇ ਸਰਕਾਰੀ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਜਿਸ ਦੇ ਵਿਰੋਧ 'ਚ ਮਾਸਟਰ ਕੇਡਰ ਯੂਨੀਅਨ ਵਲੋਂ ਜਲਦੀ ਹੀ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਵਿੱਡਣ ਦਾ ਫੈਸਲਾ ਕੀਤਾ ਹੈ |