ਬਹਿਰਾਮਪੁਰ, 22 ਜਨਵਰੀ (ਪ੍ਰੋ: ਬਲਬੀਰ ਸਿੰਘ ਕੋਲਾ)-ਪੁਲਿਸ ਮੁਲਾਜ਼ਮ ਵਲੋਂ ਬਹਿਰਾਮਪੁਰ ਨਾਕੇ 'ਤੇ ਪਿੰਡ ਬਾਹਮਣੀ ਦੇ ਨੌਜਵਾਨ ਦੀ ਕੀਤੀ ਨਾਜਾਇਜ਼ ਕੁੱਟਮਾਰ ਤੇ ਥਾਣਾ ਮੁਖੀ ਵਲੋਂ ਜਥੇਬੰਦੀਆਂ ਦੇ ਆਗੂਆਂ ਨਾਲ ਕੀਤੇ ਦੁਰਵਿਵਹਾਰ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਇਫਟੂ ਵਲੋਂ ਥਾਣਾ ਬਹਿਰਾਮਪੁਰ ਦਾ ਘਿਰਾਓ ਕੀਤਾ ਗਿਆ ਜੋ ਲਗਾਤਾਰ 2 ਘੰਟੇ ਤੱਕ ਚੱਲਿਆ | ਵਰਨਣਯੋਗ ਹੈ ਕਿ ਬੀਤੇ ਦਿਨੀਂ ਬਹਿਰਾਮਪੁਰ ਨਾਕੇ 'ਤੇ ਪੁਲਿਸ ਮੁਲਾਜ਼ਮ ਵਲੋਂ ਨੌਜਵਾਨ ਦੀ ਨਾਜਾਇਜ਼ ਕੁੱਟਮਾਰ ਕੀਤੀ ਗਈ ਸੀ | ਇਸ ਸਬੰਧ 'ਚ ਜਥੇਬੰਦੀ ਦੇ ਆਗੂਆਂ ਤੇ ਪਿੰਡ ਦੇ ਲੋਕਾਂ ਦਾ ਜਨਤਕ ਵਫ਼ਦ ਥਾਣਾ ਮੁਖੀ ਨੰੂ ਮਿਲਣ ਥਾਣੇ ਗਿਆ ਤਾਂ ਥਾਣਾ ਮੁਖੀ ਵਲੋਂ ਗ਼ਲਤੀ ਦਾ ਅਹਿਸਾਸ ਕਰਨ ਦੀ ਬਜਾਏ ਵਫ਼ਦ ਨਾਲ ਦੁਰਵਿਵਹਾਰ ਕੀਤਾ ਤੇ ਭਵਿੱਖ 'ਚ ਵੀ ਅਜਿਹੀ ਕਾਰਵਾਈ ਕਰਨ ਦੀ ਗੱਲ ਆਖੀ ਸੀ | ਜਿਸ ਦੇ ਰੋਸ ਵਜੋਂ ਥਾਣਾ ਬਹਿਰਾਮਪੁਰ ਦਾ ਘਿਰਾਓ ਕੀਤਾ ਗਿਆ | ਲਗਾਤਾਰ ਦੋ ਘੰਟੇ ਚੱਲੇ ਇਸ ਘਿਰਾਓ ਦੌਰਾਨ ਡੀ.ਐਸ.ਪੀ ਦੀਨਾਨਗਰ ਰਜਿੰਦਰ ਮਿਨਹਾਸ ਵਲੋਂ ਪ੍ਰਦਰਸ਼ਨਕਾਰੀਆਂ ਨੰੂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਪੁਲਿਸ ਵਲੋਂ ਕਿਸੇ ਵੀ ਆਮ ਸ਼ਹਿਰੀ ਨੰੂ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ | ਜਿਸ ਤੋਂ ਬਾਅਦ ਇਹ ਘਿਰਾਓ ਸਮਾਪਤ ਕੀਤਾ ਗਿਆ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਿਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ, ਚੰਨਣ ਸਿੰਘ ਦੋਰਾਂਗਲਾ, ਦਲਜੀਤ ਸਿੰਘ ਤਲਵੰਡੀ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਰਾਜ ਕੁਮਾਰ ਪੰਡੋਰੀ, ਮੇਜਰ ਸਿੰਘ ਟੋਡਰ ਮੱਲ੍ਹ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਰਾਜ ਬਹਿਰਾਮਪੁਰ, ਦਫ਼ਤਰ ਸਕੱਤਰ ਜੋਗਿੰਦਰਪਾਲ ਘੁਰਾਲਾ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਬਲਜਿੰਦਰ ਸਿੰਘ ਨੌਸ਼ਹਿਰਾ, ਅਮਰਜੀਤ ਸਿੰਘ ਓਗਰਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਮਰ ਕ੍ਰਾਂਤੀ ਵਲੋਂ ਵੀ ਸੰਬੋਧਨ ਕੀਤਾ ਗਿਆ |