ਸ਼ਾਹਪੁਰ ਕੰਢੀ, 21 ਜਨਵਰੀ (ਰਣਜੀਤ ਸਿੰਘ)-ਸਿਹਤ ਵਿਭਾਗ ਦੀ ਟੀਮ ਵਲੋਂ ਸੀਨੀਅਰ ਡਾ: ਡੀ.ਐਨ. ਚੌਧਰੀ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਨਾ ਨਾ ਕਰਨ ਵਾਲੇ ਲਗਭਗ 26 ਦੁਕਾਨਦਾਰਾਂ ਦੇ ਚਲਾਨ ਕੱਟ ਕੇ ਨਕਦ ਜੁਰਮਾਨਾ ਵਸੂਲਿਆ | ਡਾ: ਡੀ.ਐਨ. ਚੌਧਰੀ ਨੇ ਦੱਸਿਆ ਕਿ ਤੰਬਾਕੂ ਯੁਕਤ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਕੋਲ ਸਿਹਤ ਵਿਭਾਗ ਵਲੋਂ ਜਾਰੀ ਲਾਇਸੈਂਸ ਹੋਣਾ ਲਾਜ਼ਮੀ ਹੈ | ਲਾਇਸੈਂਸ ਜਾਰੀ ਕਰਨ ਸਮੇਂ ਕੁਝ ਲਿਖਤੀ ਤੌਰ 'ਤੇ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ | ਜਿਵੇਂ ਕਿ ਹਰੇਕ ਦੁਕਾਨਦਾਰ ਦੁਕਾਨ ਦੇ ਬਾਹਰ ਬੋਰਡ ਲਗਾਏਗਾ ਕਿ ਤੰਬਾਕੂਨੋਸ਼ੀ ਸਿਹਤ ਲਈ ਹਾਨੀਕਾਰਕ ਹੈ | ਕੋਈ ਵੀ ਦੁਕਾਨਦਾਰ 18 ਸਾਲ ਦੀ ਉਮਰ ਤੋਂ ਘੱਟ ਵਿਅਕਤੀ ਨੰੂ ਤੰਬਾਕੂ ਯੁਕਤ ਸਮਾਨ ਨਹੀਂ ਵੇਚੇਗਾ | ਕੋਈ ਵੀ ਦੁਕਾਨਦਾਰ ਸਿਗਰਟਾਂ ਦੀ ਡੱਬੀ ਖੋਲ ਕੇ ਨਹੀਂ ਵੇਚ ਸਕਦਾ ਤੇ ਨਾ ਹੀ ਕੋਈ ਗ੍ਰਾਹਕ ਦੁਕਾਨ 'ਤੇ ਖਲੋ ਕੇ ਸਿਗਰਟ, ਬੀੜੀ ਪੀ ਸਕਦਾ ਹੈ | ਜਿਹੜੇ ਦੁਕਾਨਦਾਰ ਹਦਾਇਤਾਂ ਦੀ ਪਾਲਨਾ ਨਹੀਂ ਕਰਦੇ ਉਨ੍ਹਾਂ ਦੇ ਚਲਾਨ ਕੱਟੇ ਗਏ ਹਨ | ਇਸ ਮੌਕੇ ਡਾ: ਸੁਮਿਤ, ਬਿਸ਼ਨ ਦਾਸ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |