ਰਾਜਪੁਰਾ, 12 ਸਤੰਬਰ (ਜੀ.ਪੀ. ਸਿੰਘ)-ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਦੇ ਵਿਦਿਆਰਥੀਆਂ ਨੇ ਪਟਿਆਲਾ ’ਚ ਪ੍ਰਬੰਧਕੀ ਸਕੱਤਰ ਡਾ. ਦਲਜੀਤ ਸਿੰਘ (ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ) ਅਤੇ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੀ ਦੇਖ-ਰੇਖ ’ਚ ਹੋ ਰਹੀਆਂ 70ਵੀਂ ਜ਼ਿਲ੍ਹਾ ਸਕੂਲ ਖੇਡਾਂ ਦੋਰਾਨ ਕੇਸਰ ਅਖਾੜਾ ਪਟਿਆਲਾ ਵਿਖੇ ਹੋਏ ਕੁਸ਼ਤੀ ਮੁਕਾਬਲਿਆਂ ’ਚ ਇਕ ਚਾਂਦੀ ਦੇ ਤਗਮੇ ਸਮੇਤ 4 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਅੰਡਰ-17 ਲੜਕਿਆਂ ਦੇ ਮੁਕਾਬਲੇ `ਚ ਰਾਜਪੁਰਾ ਜੋਨ ਦੀ ਟੀਮ ਵਿਚ ਸਕਾਲਰਜ਼ ਸਕੂਲ ਦੇ 3 ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿਚ ਅਨਮੋਲ ਸਿੰਘ ਚੀਮਾ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਇਕ ਚਾਂਦੀ ਅਤੇ ਇਕ ਤਾਂਬੇ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਤੇਜਸ ਜੋਸ਼ੀ ਅਤੇ ਗੁਰਨੀਤ ਸਿੰਘ ਨੇ ਇਕ ਇਕ ਤਾਂਬੇ ਦਾ ਤਗਮਾ ਜਿੱਤਿਆ। ਇਸ ਜਿੱਤ ਤੇ ਅਨਮੋਲ ਸਿੰਘ ਚੀਮਾ ਦੀ ਰਾਜ ਪੱਧਰੀ ਕੁਸ਼ਤੀ ਮੁਕਾਬਲਿਆਂ ਲਈ ਚੋਣ ਹੋ ਗਈ ਹੈ। ਵਿਦਿਆਰਥੀਆਂ ਦੀ ਇਸ ਜਿੱਤ ’ਤੇ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਅਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਕਿਹਾ ਕਿ ਇਹ ਵਿਦਿਆਰਥੀ ਸਕੂਲ ਦੀ ਸ਼ਾਨ ਹਨ। ਇਹ ਜਿੱਤ ਬੱਚਿਆਂ ਦੀ ਸਖ਼ਤ ਮਹਿਨਤ ਦਾ ਨਤੀਜਾ ਹੈ। ਇਸੇ ਦੋਰਾਨ ਪ੍ਰਿੰਸੀਪਲ ਭਾਰਤੀ ਆਸ਼ੂਤੋਸ਼ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਹੋਏ ਭਵਿੱਖ `ਚ ਇਸੇ ਤਰ੍ਹਾਂ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।